ਪੰਜਾਬ ਚ ਕਰੋੜਾਂ ਦੀਆਂ ਦਵਾਈਆਂ ਦੇ ਘਪਲੇ ਤੇ ਸਿਹਤ ਮੰਤਰੀ ਦੇ ਸਖ਼ਤ ਹੁਕਮ

ਸਿਵਲ ਸਰਜਨ ਦਫ਼ਤਰ ਜਲੰਧਰ ਵਿਚ ਹੋਏ ਕਥਿਤ ਘਪਲੇ, ਜਿਸ ਵਿਚ ਕਰੋੜਾਂ ਰੁਪਏ ਦੀਆਂ ਦਵਾਈਆਂ ਅਤੇ ਹੋਰ ਸਾਮਾਨ, ਜਿਸ ਦੀ ਪੇਮੈਂਟ ਲੈਣ ਲਈ ਸਪਲਾਇਰ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ, ਬਾਰੇ ‘ਜਗ ਬਾਣੀ’ ਵੱਲੋਂ ਗੱਲ ਕਰਨ ’ਤੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਜਾਂਚ ਲਈ ਕਮੇਟੀ ਬਣਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਭ੍ਰਿਸ਼ਟਾਚਾਰ ਨੂੰ ਲੈ ਕੇ ਸਰਕਾਰ ਜ਼ੀਰੋ ਟਾਲਰੈਂਸ ’ਤੇ ਕੰਮ ਕਰ ਰਹੀ ਹੈ। ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਾਂਚ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ‘ਸਾਰੇ ਦੋਸ਼ੀ ਟੰਗੇ ਜਾਣਗੇ’ ਅਤੇ ਇਕ ਵੀ ਭ੍ਰਿਸ਼ਟਾਚਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਦਸ ਦਈਏ ਕਿ ਸਿਵਲ ਸਰਜਨ ਦਫ਼ਤਰ ਜਲੰਧਰ ਵੱਲੋਂ ਸਾਲ 2019 ਤੋਂ 2022 ਵਿਚਕਾਰ ਲੋਕਲ ਲੈਵਲ ’ਤੇ ਕੀਤੀ ਗਈ ਪ੍ਰਚੇਜ਼ ਸਬੰਧੀ ਰਿਕਾਰਡ ਮੰਗਵਾ ਲਿਆ ਗਿਆ ਹੈ ਅਤੇ ਸਿਵਲ ਸਰਜਨ ਦਫ਼ਤਰ ਵਿਚ ਜਿੰਨਾ ਵੀ ਰਿਕਾਰਡ ਉਪਲੱਬਧ ਸੀ, ਚੰਡੀਗੜ੍ਹ ਵਿਚ ਜਾਂਚ ਕਮੇਟੀ ਨੂੰ ਸੌਂਪਿਆ ਜਾ ਚੁੱਕਾ ਹੈ। ਵਰਣਨਯੋਗ ਹੈ ਕਿ ਸਿਵਲ ਸਰਜਨ ਦਫ਼ਤਰ ’ਚ ਸਾਲ 2019 ਤੋਂ 2022 ਦੌਰਾਨ ਲੋਕਲ ਲੈਵਲ ’ਤੇ ਕੀਤੀ ਗਈ ਪ੍ਰਚੇਜ਼ ਦੀ ਪੇਮੈਂਟ 2-3 ਸਾਲ ਬਾਅਦ ਵੀ ਜਦੋਂ ਸਪਲਾਇਰਸ ਨੂੰ ਨਾ ਮਿਲੀ ਤਾਂ ਉਸ ਸਮੇਂ ਪੂਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ। ਉਕਤ ਸਾਰਾ ਮਾਮਲਾ ਜਦੋਂ ਚੰਡੀਗੜ੍ਹ ਦੇ ਉੱਚ ਅਧਿਕਾਰੀਆਂ ਕੋਲ ਪੁੱਜਾ ਤਾਂ ਉਥੇ ਜਾਂਚ ਸ਼ੁਰੂ ਹੋ ਗਈ।

Advertisement