ਭਾਰਤੀ ਮੌਸਮ ਵਿਭਾਗ ਦੇ ਅਨੁਸਾਰ 10 ਮਾਰਚ 2024 ਦੀ ਰਾਤ ਤੋਂ ਪੱਛਮੀ ਹਿਮਾਲਿਆ ਖੇਤਰ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਤਾਜ਼ਾ ਪੱਛਮੀ ਗੜਬੜੀ ਦੀ ਸੰਭਾਵਨਾ ਹੈ। ਇਸ ਕਾਰਨ ਪਹਾੜੀ ਖੇਤਰਾਂ ਵਿੱਚ 12 ਮਾਰਚ ਤੱਕ ਮੀਂਹ ਅਤੇ ਬਰਫ਼ਬਾਰੀ ਹੋਵੇਗੀ। ਦੇਸ਼ ਦੇ ਕੁਝ ਮੈਦਾਨੀ ਇਲਾਕਿਆਂ ‘ਚ ਪੱਛਮੀ ਹਵਾਵਾਂ ਚੱਲ ਰਹੀਆਂ ਹਨ। ਇਸ ਕਾਰਨ ਮੌਸਮ ਦਾ ਮਿਜਾਜ਼ ਬਦਲਿਆ ਹੋਇਆ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਵੀ ਇਸ ਦਾ ਅਸਰ ਦਿਖਾਈ ਦੇਣ ਦੀ ਸੰਭਾਵਨਾ ਹੈ। ਇਸ ਲਈ 10 ਤੋਂ 12 ਮਾਰਚ ਦੌਰਾਨ ਮੌਸਮ ਬਦਲ ਸਕਦਾ ਹੈ।
ਦਸ ਦੇਈਏ ਕਿ ਮੌਸਮ ਵਿਭਾਗ ਦਾ ਮੰਨਣਾ ਹੈ ਕਿ ਰਾਜਧਾਨੀ ਦਿੱਲੀ ‘ਚ 11 ਮਾਰਚ ਤੋਂ ਤਾਪਮਾਨ ਵਧੇਗਾ ਅਤੇ ਮੌਸਮ ‘ਚ ਬਦਲਾਅ ਹੋਵੇਗਾ। ਮੌਸਮ ਵਿਭਾਗ ਮੁਤਾਬਕ ਫਰਵਰੀ ਦੇ ਅੰਤ ‘ਚ ਘੱਟੋ-ਘੱਟ ਤਾਪਮਾਨ ‘ਚ ਵਾਧਾ ਦੇਖਿਆ ਗਿਆ ਸੀ ਪਰ ਪਿਛਲੇ ਕਈ ਦਿਨਾਂ ਤੋਂ ਇਕ ਵਾਰ ਫਿਰ ਤੋਂ ਗਿਰਾਵਟ ਦਰਜ ਕੀਤੀ ਗਈ ਹੈ। ਇਸ ਕਾਰਨ ਦਿੱਲੀ ‘ਚ ਸਵੇਰੇ-ਸ਼ਾਮ ਠੰਡ ਰਹਿੰਦੀ ਹੈ।