ਪੰਜਾਬ ਕੈਬਨਿਟ ਦੀ ਚੰਡੀਗੜ੍ਹ ‘ਚ ਹੋਈ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਹਰਪਾਲ ਚੀਮਾ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ‘ਚ ਲਏ ਅਹਿਮ ਫੈਸਲਿਆਂ ਬਾਰੇ ਦੱਸਿਆ। ਸਾਲ 2024-25 ਲਈ ਨਵੀਂ ਐਕਸਾਈਜ਼ ਪਾਲਿਸੀ ਦਾ ਗਠਨ ਕਰ ਦਿੱਤਾ ਗਿਆ ਹੈ। ਇਸ ਪਾਲਿਸੀ ਤਹਿਤ ਪੰਜਾਬ ‘ਚ 10 ਹਜ਼ਾਰ ਕਰੋੜ ਦਾ ਰੈਵੀਨਿਊ ਜਨਰੇਟ ਕਰਨ ਦਾ ਟੀਚਾ ਮਿਥਿਆ ਗਿਆ ਹੈ। ਨਵੇਂ ਠੇਕਿਆਂ ਦੀ ਅਲਾਟਮੈਂਟ ਡਰਾਅ ਜ਼ਰੀਏ ਹੋਵੇਗੀ ਹਾਲਾਂਕਿ ਸ਼ਰਾਬ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਵੇਗਾ।
ਉਨ੍ਹਾਂ ਦੱਸਿਆ ਕਿ ਪੰਜਾਬ ਮੰਤਰੀ ਮੰਡਲ ਨੇ ਪੋਕਸੋ ਐਕਟ ਦੇ ਅਦਾਲਤਾਂ ‘ਚ ਲੰਬਿਤ ਮਾਮਲਿਆਂ ਦੇ ਛੇਤੀ ਨਬੇੜੇ ਲਈ ਦੋ ਫਾਸਟ ਟਰੈਕ ਕੋਰਟ ਤਰਨਤਾਰਨ ‘ਚ ਸੰਗਰੂਰ ‘ਚ ਬਣਾਉਣ ਦਾ ਫੈਸਲਾ ਲਿਆ ਹੈ। ਪੰਜਾਬ ਦੀਆਂ ਅਦਾਲਤਾਂ ‘ਚ 3,842 ਪੋਸਟਾਂ ਨੂੰ ਰੈਗੂਲਰ ਕਰਨ ਦਾ ਵੀ ਅਹਿਮ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ‘ਚ 1300 ਡਾਕਟਰਾਂ ਦੀਆਂ ਅਸਾਮੀਆਂ ਭਰਨ ਦਾ ਫੈਸਲਾ ਲਿਆ ਗਿਆ ਹੈ। ਇਹ ਅਸਾਮੀਆਂ ਬਾਬਾ ਫ਼ਰੀਦ ਯੂਨੀਰਵਸਿਟੀ ਰਾਹੀਂ ਭਰੀਆਂ ਜਾਣਗੀਆਂ।