ਹੌਲਾ ਮਹੱਲਾ ਜਾਣ ਵਾਲਿਆਂ ਲਈ ਅਹਿਮ ਖ਼ਬਰ

ਹੋਲਾ ਮਹੱਲਾ ਤਿਉਹਾਰ ਦੀ ਆਰੰਭਤਾ ਕੀਰਤਪੁਰ ਸਾਹਿਬ ਵਿਚ 21 ਮਾਰਚ ਤੋਂ ਹੋ ਚੁੱਕੀ ਹੈ ਅਤੇ ਇਹ ਤਿਉਹਾਰ 23 ਮਾਰਚ ਤੱਕ ਇਥੇ ਮਨਾਇਆ ਜਾਵੇਗਾ, ਜਦਕਿ ਸ੍ਰੀ ਅਨੰਦਪੁਰ ਸਾਹਿਬ ਵਿਚ ਹੋਲਾ-ਮਹੱਲਾ 24 ਤੋਂ 26 ਮਾਰਚ ਤੱਕ ਮਨਾਇਆ ਜਾਵੇਗਾ। ਪ੍ਰਸ਼ਾਸਨ ਅਤੇ ਪੁਲਸ ਵੱਲੋਂ ਸਮੁੱਚੇ ਮੇਲਾ ਖੇਤਰ ਵਿਚ ਸ਼ਰਧਾਲੂਆਂ ਦੀ ਸਹੂਲਤ ਲਈ ਸਾਰੇ ਢੁੱਕਵੇਂ ਪ੍ਰਬੰਧ ਕੀਤੇ ਹਨ। ਕੀਰਤਪੁਰ ਸਾਹਿਬ ਵਿਚ 4 ਅਤੇ ਸ੍ਰੀ ਅਨੰਦਪੁਰ ਸਾਹਿਬ ਵਿਚ 36 ਡਿਊਟੀ ਮੈਜਿਸਟ੍ਰੇਟ ਤਾਇਨਾਤ ਹਨ, ਜੋ ਰੋਸਟਰ ਅਨੁਸਾਰ ਰਾਊਂਡ ਦੀ ਕਲਾਕ ਡਿਊਟੀ ’ਤੇ ਤਾਇਨਾਤ ਹਨ।

ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਆਈ. ਏ. ਐੱਸ. ਨੇ ਦਿੱਤੀ। ਉਹ ਬੀਤੇ ਦਿਨ ਸਿਵਲ ਅਤੇ ਪੁਲਸ ਵਿਭਾਗ ਦੇ ਹੋਲਾ-ਮਹੱਲਾ ਖੇਤਰ ਵਿਚ ਡਿਊਟੀ ’ਤੇ ਤਾਇਨਾਤ ਡਿਊਟੀ ਮੈਜਿਸਟ੍ਰੇਟ ਅਤੇ ਪੁਲਸ ਵਿਭਾਗ ਦੇ ਅਧਿਕਾਰੀਆਂ ਨਾਲ ਵਿਰਾਸਤ-ਏ-ਖਾਲਸਾ ਦੇ ਆਡੋਟੋਰੀਅਮ ਵਿਚ ਵਿਸੇਸ਼ ਮੀਟਿੰਗ ਕਰ ਰਹੇ ਸਨ, ਜਿਸ ਵਿਚ ਪੁਲਸ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਉਨ੍ਹਾਂ ਨੇ ਦੱਸਿਆ ਕਿ ਵੱਖ-ਵੱਖ ਢੁੱਕਵੀਆਂ ਥਾਂਵਾਂ ’ਤੇ 27 ਪਾਰਕਿੰਗ ਸਥਾਨ ਬਣਾਏ ਗਏ ਹਨ, ਜਿੱਥੇ ਸ਼ਰਧਾਲੂ ਆਪਣੇ ਵਾਹਨ ਖੜ੍ਹੇ ਕਰਕੇ ਪ੍ਰਸ਼ਾਸਨ ਵੱਲੋਂ ਚਲਾਈ ਮੁਫ਼ਤ ਸਟਲ ਬੱਸ ਸਰਵਿਸ ਰਾਹੀਂ ਮੇਲਾ ਖੇਤਰ ਵਿਚ ਪਹੁੰਚ ਕੇ ਗੁਰਧਾਮਾ ਦੇ ਦਰਸ਼ਨ ਕਰ ਸਕਦੇ ਹਨ। ਸਿਵਲ ਕੰਟਰੋਲ ਰੂਮ ਪੁਲਸ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਤ ਕੀਤਾ ਗਿਆ ਹੈ, ਜਿਸ ਦਾ ਫੋਨ 01887-232015 ਹੈ। ਉਨ੍ਹਾਂ ਨੇ ਦੱਸਿਆ ਕਿ 11 ਸਬ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ, ਸਮੁੱਚੇ ਮੇਲਾ ਖੇਤਰ ਨੂੰ ਸੈਕਟਰਾਂ ਵਿਚ ਵੰਡਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਪ ਮੰਡਲ ਮੈਜਿਸਟ੍ਰੇਟ ਰੂਪਨਗਰ ਨੂੰ ਕੀਰਤਪੁਰ ਸਾਹਿਬ ਹੋਲਾ ਮਹੱਲਾ ਦਾ ਓਵਰਆਲ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

Advertisement