ਅਕਾਲੀ ਆਗੂ ਦੀ IAS ਨੂੰਹ ਨੇ ਦਿੱਤਾ ਅਸਤੀਫਾ

ਪੰਜਾਬ ਦੀ ਆਈਏਐਸ ਅਧਿਕਾਰੀ ਪਰਮਪਾਲ ਕੌਰ ਸਿੱਧੂ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਵੀ ਹੈ, ਨੇ ਲੋਕ ਸਭਾ ਚੋਣਾਂ ਲੜਨ ਦੀ ਸੰਭਾਵਨਾ ਦੇ ਮੱਦੇਨਜ਼ਰ ਅਸਤੀਫ਼ਾ ਦੇ ਦਿੱਤਾ ਹੈ। ਸੂਤਰਾਂ ਮੁਤਾਬਿਕ ਸਿੱਧੂ, ਜੋ ਇਸ ਸਮੇਂ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਤਾਇਨਾਤ ਹਨ, ਨੇ ਆਪਣਾ ਅਸਤੀਫਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਭੇਜ ਦਿੱਤਾ ਹੈ। ਜੇਕਰ ਮੁੱਖ ਮੰਤਰੀ ਭਗਵੰਤ ਮਾਨ ਅਸਤੀਫੇ ਨੂੰ ਮਨਜ਼ੂਰੀ ਦੇ ਦਿੰਦੇ ਹਨ ਤਾਂ ਇਸ ਨੂੰ ਕੇਂਦਰੀ ਪ੍ਰਸੋਨਲ ਅਤੇ ਟ੍ਰੇਨਿੰਗ ਵਿਭਾਗ ਨੂੰ ਭੇਜ ਦਿੱਤਾ ਜਾਵੇਗਾ।

ਦਸਿਆ ਜਾ ਰਿਹਾ ਹੈ ਕਿ ਸਿੱਖਿਆ ਮੰਤਰੀ ਰਹਿ ਚੁੱਕੇ ਮਲੂਕਾ ਚੋਣਾਂ ਲਈ ਅਕਾਲੀ ਦਲ ਦੀ ਟਿਕਟ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਮਿਲਣ ਦੀ ਸੰਭਾਵਨਾ ਨਹੀਂ ਹੈ। 75 ਸਾਲ ਦੇ ਹੋਣ ਕਾਰਨ ਮਲੂਕਾ ਭਾਜਪਾ ਦੀ ਟਿਕਟ ‘ਤੇ ਵੀ ਚੋਣ ਨਹੀਂ ਲੜ ਸਕਦੇ ਹਨ। 2011 ਬੈਚ ਦੇ ਆਈਏਐਸ ਅਧਿਕਾਰੀ ਸਿੱਧੂ ਅਕਤੂਬਰ ਵਿੱਚ ਸੇਵਾਮੁਕਤ ਹੋਣ ਵਾਲੇ ਹਨ ਅਤੇ ਪਹਿਲਾਂ ਹੀ ਛੁੱਟੀ ’ਤੇ ਹਨ। ਨਾ ਤਾਂ ਕਾਂਗਰਸ ਅਤੇ ਨਾ ਹੀ ‘ਆਪ’ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਅਜੇ ਤੱਕ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਕੀਤਾ ਹੈ। ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ।

Advertisement