ਪੰਜਾਬ ਵਿੱਚ ਦਲ ਬਦਲੂ ਲੀਡਰਾਂ ਦੀਆਂ ਚਰਚਾਵਾਂ ਕਾਫ਼ੀ ਹੋ ਰਹੀਆਂ ਹਨ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਹੈ। ਆਮ ਆਦਮੀ ਪਾਰਟੀ ਦੇ ਲੀਡਰ ਵੀ ਆਪ ਨੂੰ ਛੱਡ ਕੇ ਭਾਜਪਾ ‘ਚ ਚਲੇ ਗਏ ਹਨ। ਇਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਪੱਕੇ ਭਮੱਕੜ ਹਨ ਉਹਨਾਂ ਨੂੰ ਕੋਈ ਤੋੜ ਨਹੀਂ ਸਕਦਾ, ਜਿਹੜੀ ਮਰਜ਼ੀ ਪਾਰਟੀ ਜ਼ੋਰ ਲਗਾ ਲਵੇ ਸਾਡੇ ਪੱਕੇ ਭਮੱਕੜ ਨਹੀਂ ਹਿਲਦੇ।
ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਇਕਲੌਤੇ ਸਾਂਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਵੈਸਟ ਤੋਂ ਆਪ ਦੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ। ਹਲਾਂਕਿ ਆਮ ਆਦਮੀ ਪਾਰਟੀ ਨੇ ਸੁਸ਼ੀਲ ਰਿੰਕੂ ਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਵੀ ਬਣਾਇਆ ਹੋਇਆ ਸੀ ਪਰ ਫਿਰ ਵੀ ਰਿੰਕੂ ਆਪ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।
ਅੱਜ ਭਗਵੰਤ ਮਾਨ ਦੇ ਪ੍ਰੋਗਰਾਮ ਮੋਗਾ ਅਤੇ ਫਿਰ ਜਲੰਧਰ ਵਿੱਚ ਰੱਖੇ ਗਏ ਹਨ। ਜਿੱਥੇ ਵਿਸ਼ਾਲ ਰੈਲੀ ਨੂੰ ਸੀਐਮ ਭਗਵੰਤ ਮਾਨ ਸੰਬੋਧਨ ਕਰਨਗੇ। ਮੋਗਾ ਵਿੱਚ ਮਾਲਵੇ ਨਾਲ ਸਬੰਧਤ ਵਲੰਟੀਅਰ ਹਿੱਸਾ ਲੈਣਗੇ, ਜਦਕਿ ਜਲੰਧਰ ਵਿੱਚ ਦੁਆਬਾ ਖੇਤਰ ਦੇ ਆਗੂਆਂ ਦੀ ਮੀਟਿੰਗ ਕੀਤੀ ਹੋਣੀ ਹੈ। ਇਸ ਵਿੱਚ ਪਿੰਡ ਪੱਧਰ ਦੇ ਆਗੂ ਸ਼ਾਮਲ ਹੋਣਗੇ। ਉਨ੍ਹਾਂ ਦੇ ਨਾਲ ਪੰਜਾਬ ‘ਚ ਪਾਰਟੀ ਦੇ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਡਾ. ਸੰਦੀਪ ਪਾਠਕ ਵੀ ਉਨ੍ਹਾਂ ਦੇ ਨਾਲ ਹੋਣਗੇ ।