ਕੁਝ ਮਹੀਨੇ ਪਹਿਲਾਂ ਫੜਿਆ ਗਿਆ ਰਾਜੂ ਸ਼ੂਟਰ ਨਾਂ ਦਾ ਅਪਰਾਧੀ ਅੱਧੀ ਰਾਤ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਚੋਂ ਫ਼ਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸਨੂੰ ਦੋ ਵਿਅਕਤੀ ਹਸਪਤਾਲ ਚੋਂ ਭਜਾ ਕੇ ਲੈ ਗਏ। ਹਾਲਾਕਿ ਉਸ ਸਮੇਂ ਜੇਲ੍ਹ ਦੀ ਗਾਰਦ ਦੇ ਕਰਮਚਾਰੀ ਉੱਥੇ ਮੌਜੂਦ ਸਨ। ਘਟਨਾ ਦਾ ਪਤਾ ਚੱਲਦਿਆਂ ਹੀ ਐੱਸਐੱਸਪੀ ਅਸ਼ਵਨੀ ਕਪੂਰ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।
ਜ਼ਿਕਰਯੋਗ ਹੈ ਕਿ ਰਾਜੂ ਸ਼ੂਟਰ ਨੂੰ ਸੀਆਈ ਸਟਾਫ ਦੀ ਪੁਲਿਸ ਕੁਝ ਮਹੀਨੇ ਪਹਿਲਾਂ ਕਾਬੂ ਕੀਤਾ ਸੀ ਅਤੇ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ‘ਚ ਬੰਦ ਰਾਜੂ ਸ਼ੂਟਰ ਕਿਸੇ ਤਕਲੀਫ਼ ਦੇ ਚੱਲਦਿਆਂ ਤਰਨਤਾਰਨ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜੂ ਸ਼ੂਟਰ ਨੂੰ ਦਾਖ਼ਲ ਕਰਵਾਉਣ ਬਾਰੇ ਜੇਲ੍ਹ ਪ੍ਰਸ਼ਾਸਨ ਨੇ ਸਥਾਨਕ ਪੁਲਿਸ ਨੂੰ ਕੋਈ ਸੂਚਨਾ ਨਹੀਂ ਸੀ ਦਿੱਤੀ। ਉਨ੍ਹਾਂ ਦੱਸਿਆ ਉਕਤ ਘਟਨਾਕ੍ਰਮ ਬਾਰੇ ਕੇਸ ਦਰਜ ਕੀਤਾ ਜਾ ਰਿਹਾ ਹੈ।
ਇਸ ਮਾਮਲੇ ਵਿਚ ਡੀਐਸਪੀ ਮਸੀਹ ਦਾ ਕਹਿਣਾ ਹੈ ਕਿ ਗੈਗਸਟਰ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸ ਦੇ ਸਾਥੀ ਪੁਲਿਸ ਨੂੰ ਚਕਮਾ ਦੇ ਕੇ ਉਸ ਨੂੰ ਲੈ ਗਏ। ਉਨ੍ਹਾਂ ਦੇ ਦੱਸਿਆ ਕਿ ਗੈਗਸਟਰ ਦੇ ਫਰਾਰ ਹੋਣ ਸਬੰਧੀ ਜਾਣਕਾਰੀ ਜ਼ਿਲ੍ਹੇ ਦੇ ਸਾਰੇ ਪੁਲਿਸ ਸਟੇਸ਼ਨਾਂ ਵਿਚ ਜਾਰੀ ਕਰ ਦਿੱਤੀ ਹੈ। ਅਤੇ ਉਸ ਦੀ ਭਾਲ ਵਿੱਚ ਟੀਮ ਬਣਾਕੇ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਜਲਦ ਇਸ ਗੈਗਸਟਰ ਅਤੇ ਉਸ ਦੇ ਸਾਥੀਆਂ ਨੂੰ ਕਾਬੂ ਕਰ ਲਵੇਗੀ।