ਸੰਤ ਸੀਚੇਵਾਲ ਦਾ ਐਲਾਨ, ਕਿਸੇ ਲਈ ਨਹੀਂ ਕਰਨਗੇ ਚੋਣ ਪ੍ਰਚਾਰ

ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕਿਸੇ ਉਮੀਦਵਾਰ ਲਈ ਚੋਣ ਪ੍ਰਚਾਰ ਨਹੀਂ ਕਰਨਗੇ। ਬੇਸ਼ੱਕ ਉਹ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਬਣੇ ਹਨ ਪਰ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਚੋਣ ਪ੍ਰਚਾਰ ਨਹੀਂ ਕਰਨਗੇ।  ਉਨ੍ਹਾਂ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਰਾਜ ਸਭਾ ਸੀਟ ਦੀ ਪੇਸ਼ਕਸ਼ ਕੀਤੀ ਸੀ ਤਾਂ ਉਨ੍ਹਾਂ ਨੇ ਤਿੰਨ ਵਾਰ ਜਵਾਬ ਦਿੱਤਾ ਸੀ ਕਿ ਉਹ ਸਿਆਸਤ ਵਿੱਚ ਨਹੀਂ ਆਉਣਾ ਚਾਹੁੰਦੇ ਤੇ ਉਹ ਸਮਾਜ ਸੇਵਾ ਦੇ ਖੇਤਰ ਵਿੱਚ ਹੀ ਰਹਿਣਾ ਚਾਹੁੰਦੇ ਹਨ। 

ਇਸ ਮਗਰੋਂ ਉਸ ਵੇਲੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਪਾਰਟੀ ਉਨ੍ਹਾਂ ਨੂੰ ਕਿਸੇ ਚੋਣ ਰੈਲੀ ਵਿੱਚ ਨਹੀਂ ਬੁਲਾਵੇਗੀ ਤੇ ਨਾ ਹੀ ਚੋਣ ਪ੍ਰਚਾਰ ਲਈ ਕਹੇਗੀ। ਸੀਚੇਵਾਲ ਨੇ ਕਿਹਾ ਕਿ ਉਹ ਸਾਲ 2002 ਤੋਂ ਵਾਤਾਵਰਣ ਨੂੰ ਚੋਣ ਮਨੋਰਥ ਪੱਤਰਾਂ ਵਿੱਚ ਸ਼ਾਮਲ ਕਰਨ ਲਈ ਰਾਜਨੀਤਿਕ ਪਾਰਟੀਆਂ ਨੂੰ ਕਹਿ ਰਹੇ ਹਨ।

ਉਧਰ, ਅੱਜ ਤੋਂ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਹੋ ਗਈ ਹੈ, ਉੱਥੇ ਸਾਰੇ ਸਿਆਸੀ ਆਗੂ ਆਪਣੀ ਪਾਰਟੀ ਨੂੰ ਜਿਤਾਉਣ ਲਈ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕਰ ਰਹੇ ਹਨ। ਦਸ ਦਈਏ ਮੁੱਖ ਮੰਤਰੀ ਮਾਨ ਹਰੇਕ ਲੋਕ ਸਭਾ ਹਲਕੇ ਵਿੱਚ ਜਾ ਕੇ ਖੁਦ ਰੈਲੀਆਂ ਤੇ ਰੋਡ ਸ਼ੋਅ ਕਰਨਗੇ। ਪਾਰਟੀ ਨੇ ਚੋਣਾਂ ਵਿੱਚ ਜਿੱਤ ਯਕੀਨੀ ਬਣਾਉਣ ਲਈ ਚੰਗੀ ਰਣਨੀਤੀ ਬਣਾ ਲਈ ਹੈ। ਇਸ ਦੀ ਸ਼ੁਰੂਆਤ ਸੀਐਮ ਮਾਨ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕਰਨਗੇ। ਉਹ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿੱਚ ਚੋਣ ਰੈਲੀ ਕਰਨਗੇ ਤੇ ਸ਼ਾਮ ਨੂੰ ਪਟਿਆਲਾ ਲੋਕ ਸਭਾ ਹਲਕੇ ਅਧੀਨ ਪੈਂਦੇ ਰਾਜਪੁਰਾ ਵਿੱਚ ਰੋਡ ਸ਼ੋਅ ਕਰਨਗੇ।

Advertisement