ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਦੁਨੀਆ ਭਰ ਵਿੱਚ ਆਪਣਾ ਲੋਹਾ ਮੰਨਵਾਇਆ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸਰਵੋਤਮ ਯੂਨੀਵਰਸਿਟੀਆਂ ਦੀ ਵਿਸ਼ਵ ਰੈਂਕਿੰਗ 2024 ਵਿੱਚ ਦੁਨੀਆ ਭਰ ਦੀਆਂ ਚੋਟੀ ਦੀਆਂ 23 ਫੀਸਦ ਯੂਨੀਵਰਸਿਟੀਆਂ ਵਿੱਚ ਸ਼ੁਮਾਰ ਕੀਤਾ ਗਿਆ ਹੈ।
ਸਟੱਡੀ ਅਬਰੌਡ ਏਡ ਵੱਲੋਂ ਵਿਸ਼ਵ ਦੀਆਂ 8032 ਯੂਨੀਵਰਸਿਟੀਆਂ ਦੇ ਕਰਵਾਏ ਗਏ ਸਰਵੇਖਣ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਉੱਚ-ਗੁਣਵੱਤਾ ਵਾਲੀ ਸਿੱਖਿਆ ਤੇ ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕਫਾਇਤੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਸ਼ਵ ਪੱਧਰ ’ਤੇ 1782 ਸਥਾਨ ਮਿਲਿਆ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਰਵੋਤਮ ਮੁੱਲ ਯੂਨੀਵਰਸਿਟੀ ਦਰਜ਼ਾਬੰਦੀ ਦੋ ਮੈਟ੍ਰਿਕਸ ’ਤੇ ਅਧਾਰਤ ਹੈ, ਜਿਨ੍ਹਾਂ ਵਿੱਚ ਅਕਾਦਮਿਕ ਗੁਣਵੱਤਾ, ਵੇਟੇਜ਼ 75 ਫੀਸਦ ਤੇ ਬਾਕੀ 25 ਫੀਸਦ ਲਈ ਸਿੱਖਿਆ ਦੀ ਲਾਗਤ ਸ਼ਾਮਿਲ ਹੈ।
ਏਜੰਸੀ ਅਨੁਸਾਰ ਵਿਸ਼ਵ ਯੂਨੀਵਰਸਿਟੀ ਰੈਂਕਿੰਗ 2024 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ, ਵਿਭਿੰਨਤਾ ਅਤੇ ਵਿਦਿਆਰਥੀ ਭਲਾਈ ਦੇ ਠੋਸ ਸਕਾਰਾਤਮਕ ਆਧਾਰਾਂ ’ਤੇ ਵਿਸ਼ਵ ਪੱਧਰ ਦੀਆਂ ਚੋਟੀ ਦੀਆਂ 27 ਫੀਸਦ ਯੂਨੀਵਰਸਿਟੀਆਂ ਵਿਚੋਂ ਇੱਕ ਹੈ ਅਤੇ ਇਹ ਉੱਤਰੀ ਖੇਤਰ (ਜੰਮੂ, ਕਸ਼ਮੀਰ, ਪੰਜਾਬ, ਹਰਿਆਣਾ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼) ਦੀ ਇਕੋ-ਇਕ ਬਹੁ-ਅਨੁਸ਼ਾਸਨੀ ਰਾਜ ਯੂਨੀਵਰਸਿਟੀ ਹੈ।