ਹਿਮਾਚਲ ਦੇ ਮੰਡੀ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਜਦੋਂ ਤੋਂ ਭਾਜਪਾ ਨੇ ਉਨ੍ਹਾਂ ਨੂੰ ਆਪਣਾ ਲੋਕ ਸਭਾ ਉਮੀਦਵਾਰ ਚੁਣਿਆ ਹੈ, ਹਰ ਰੋਜ਼ ਉਨ੍ਹਾਂ ਖਿਲਾਫ ਕੋਈ ਨਾ ਕੋਈ ਨਵਾਂ ਮਾਮਲਾ ਸਾਹਮਣੇ ਆ ਰਿਹਾ ਹੈ। ਹਾਲ ਹੀ ‘ਚ ਖਬਰ ਆਈ ਹੈ ਕਿ ‘ਸੰਯੁਕਤ ਕਿਸਾਨ ਮੰਚ’ ਨੇ ਕੰਗਨਾ ‘ਤੇ ਕਥਿਤ ਤੌਰ ‘ਤੇ ਅਪਮਾਨਜਨਕ ਟਿੱਪਣੀ ਕਰਨ ਲਈ ਉਸ ਤੋਂ ਮੁਆਫੀ ਦੀ ਮੰਗ ਕੀਤੀ ਹੈ।
ਦਰਅਸਲ, ਕੰਗਨਾ ਰਣੌਤ ਬਾਲੀਵੁਡ ਵਿੱਚ ਆਪਣੇ ਬੇਬਾਕ ਅੰਦਾਜ਼ ਲਈ ਮਸ਼ਹੂਰ ਹੈ। ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਹੀ ਉਹ ਲਗਭਗ ਹਰ ਸਿਆਸੀ ਮੁੱਦੇ ‘ਤੇ ਆਪਣੀ ਰਾਏ ਜ਼ਾਹਰ ਕਰਦੀ ਰਹੀ ਹੈ। ਇਸ ਦੌਰਾਨ ‘ਸੰਯੁਕਤ ਕਿਸਾਨ ਮੰਚ’ ਦੇ ਕਨਵੀਨਰ ਹਰੀਸ਼ ਚੌਹਾਨ ਨੇ ਕਿਹਾ, ‘ਕੰਗਨਾ ਕਿਸਾਨਾਂ ਤੋਂ ਵੋਟ ਕਿਵੇਂ ਮੰਗ ਸਕਦੀ ਹੈ। ਉਹ ਸਾਡੇ ਤੋਂ ਉਸ ਦੇ ਸਮਰਥਨ ਦੀ ਉਮੀਦ ਕਿਵੇਂ ਕਰ ਸਕਦੀ ਹੈ? ਉਸ ਨੇ ਸਾਡਾ ਅਪਮਾਨ ਕੀਤਾ ਸੀ।

ਹਰੀਸ਼ ਚੌਹਾਨ ਦਾ ਕਹਿਣਾ ਹੈ ਕਿ, ‘ਕੰਗਨਾ ਨੇ ਕਿਸਾਨਾਂ ਦਾ ਅਪਮਾਨ ਕੀਤਾ ਹੈ। ਅਸੀਂ ਉਨ੍ਹਾਂ ਦਾ ਸਮਰਥਨ ਨਹੀਂ ਕਰਾਂਗੇ। ਉਨ੍ਹਾਂ ਨੇ ਸਾਡੇ ਲਈ ਕੀ ਕੀਤਾ ਹੈ? ਅਸੀਂ ਉਨ੍ਹਾਂ ਨੂੰ ਵੋਟ ਪਾਵਾਂਗੇ ਜੋ ਸਾਡੇ ਹਿੱਤ ਦੀ ਗੱਲ ਕਰਨਗੇ ਅਤੇ ਸੋਚਣਗੇ। ਅਸੀਂ ਮੰਡੀ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਵਿਕਰਮਾਦਿੱਤਿਆ ਸਿੰਘ ਦਾ ਸਮਰਥਨ ਕਰਾਂਗੇ ਕਿਉਂਕਿ ਉਹ ‘SKM’ ਦਾ ਹਿੱਸਾ ਰਹੇ ਹਨ ਅਤੇ ਵਿਧਾਨ ਸਭਾ ‘ਚ ਸਾਡੇ ਲਈ ਮੁੱਦੇ ਉਠਾਏ ਹਨ।
ਜ਼ਿਕਰਯੋਗ ਹੈ ਕਿ ਸਾਲ 2020 ਤੋਂ 2021 ਦੌਰਾਨ ਕਿਸਾਨ ‘ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ’ ਪ੍ਰਦਰਸ਼ਨ ਕਰ ਰਹੇ ਸਨ। ਉਸ ਦੌਰਾਨ ਕੰਗਨਾ ਨੇ ਕਥਿਤ ਤੌਰ ‘ਤੇ ਕਈ ਬਿਆਨ ਦਿੱਤੇ ਸਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹੁਣ ‘ਸੰਯੁਕਤ ਕਿਸਾਨ ਮੰਚ’ ਦੇ ਕਨਵੀਨਰ ਹਰੀਸ਼ ਚੌਹਾਨ ਵੀ ਇਸੇ ਗੱਲ ਦਾ ਜ਼ਿਕਰ ਕਰਦੇ ਹੋਏ ਕੰਗਨਾ ਤੋਂ ਮੁਆਫ਼ੀ ਦੀ ਮੰਗ ਕਰ ਰਹੇ ਹਨ।