ਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਭਿੰਡਰਾਂਵਾਲਾ ਦੇ ਭਤੀਜੇ ਬਾਬਾ ਬਲਵਿੰਦਰ ਸਿੰਘ ਕਤਲ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਮਾਮਲੇ ਚ ਪੁਲਿਸ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਦਸ ਦੇਈਏ ਕਿ ਪੁਲਿਸ ਨੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ। ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਕਤਲ ਉਨ੍ਹਾਂ ਦੇ ਇੱਕ ਚੇਲੇ ਵੱਲੋਂ ਹੀ ਕੀਤਾ ਗਿਆ ਸੀ, ਜੋ ਕਿ ਵਾਰਦਾਤ ਤੋਂ ਬਾਅਦ ਲਗਾਤਾਰ ਲੁਕਦਾ ਆ ਰਿਹਾ ਸੀ।
ਜ਼ਿਕਰਯੋਗ ਹੈ ਕਿ ਇਹ ਘਟਨਾ 1 ਮਈ ਦੀ ਹੈ ਜਦੋਂ ਬਲਵਿੰਦਰ ਸਿੰਘ ਦਾ ਕਤਲ ਉਨ੍ਹਾਂ ਦੇ ਨੌਜਵਾਨ ਚੇਲੇ ਵਲੋਂ ਹੀ ਕਤਲ ਕਰ ਦਿੱਤਾ ਗਿਆ ਸੀ। ਬਾਬਾ ਬਲਵਿੰਦਰ ਸਿੰਘ ਬਟਾਲਾ ਨਜਦੀਕੀ ਕਸਬਾ ਘੁਮਾਣ ਦੇ ਪਿੰਡ ਅਠਵਾਲ ਵਿਖੇ ਗੁਰਦਵਾਰਾ ਅਮਰਦਾਸ ਜੀ ਦੀ ਸੇਵਾ ਸੰਭਾਲ ਵੀ ਕਰਦੇ ਸਨ। ਐਸਐਸਪੀ ਬਟਾਲਾ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਮੁਲਜ਼ਮ ਨੌਜਵਾਨ ਰਮਨਦੀਪ ਸਿੰਘ ਗੁਰਦੁਆਰਾ ਸਾਹਿਬ ਵਿੱਚ ਬਾਬਾ ਬਲਵਿੰਦਰ ਸਿੰਘ ਨਾਲ ਰਹਿੰਦਾ ਸੀ ਅਤੇ ਉਨ੍ਹਾਂ ਦੀ ਸੇਵਾ-ਸੰਭਾਲ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਰਾਤ ਰਮਨਦੀਪ ਸਿੰਘ, ਬਾਬਾ ਬਲਵਿੰਦਰ ਸਿੰਘ ਦੀ ਮਾਲਿਸ਼ ਕਰ ਰਿਹਾ ਸੀ, ਜਿਸ ਦੌਰਾਨ ਦੋਵਾਂ ਵਿਚਾਲੇ ਕਿਸੇ ਗੱਲ ‘ਤੇ ਬਹਿਸ ਹੋ ਗਈ। ਇਸ ਤੋਂ ਬਾਅਦ ਬਾਬਾ ਬਲਵਿੰਦਰ ਸਿੰਘ ਨੇ ਮੌਕੇ ‘ਤੇ ਰਮਨਦੀਪ ਸਿੰਘ ਨੂੰ ਲੱਤ ਮਾਰ ਦਿੱਤੀ ਤਾਂ ਜਿਸ ਤੋਂ ਗੁੱਸਾ ਹੋ ਕੇ ਰਮਨਦੀਪ ਸਿੰਘ ਨੇ ਆਪਣੀ ਕਿਰਚ ਨਾਲ ਵਾਰ ਕਰਦਿਆਂ ਹੋਇਆਂ ਬਾਬਾ ਬਲਵਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਉਨ੍ਹਾਂ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਰਮਨਦੀਪ ਸਿੰਘ ਫਰਾਰ ਹੋ ਗਿਆ ਸੀ, ਜਿਸਨੂੰ ਬਟਾਲਾ ਪੁਲਿਸ ਵਲੋਂ ਕਰੀਬ 12 ਦਿਨ ਬਾਅਦ ਬਟਾਲਾ ਦੀ ਚਿੱਟੀ ਗਰਾਉਂਡ ਦੇ ਨਜ਼ਦੀਕ ਤੋਂ ਫੜਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਰਮਨਦੀਪ ਵੱਖ-ਵੱਖ ਥਾਂਵਾਂ ‘ਤੇ ਜਾ ਕੇ ਆਪਣੇ-ਆਪ ਨੂੰ ਛੁਪਾਉਂਦਾ ਰਿਹਾ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਵੱਲੋਂ ਕਤਲ ਕਰਨ ਲਈ ਵਰਤੀ ਗਈ ਕਿਰਚ ਵੀ ਬਰਾਮਦਕਰ ਲਈ ਗਈ ਹੈ ਅਤੇ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।