ਚਾਰਧਾਮ ਯਾਤਰਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹੁਣ ਮੰਦਿਰ ਤੋਂ 200 ਮੀਟਰ ਤੱਕ ਮੋਬਾਈਲ ਫੋਨਾਂ ‘ਤੇ ਪਾਬੰਦੀ ਰਹੇਗੀ। ਇਸ ਸਬੰਧੀ ਮੁੱਖ ਸਕੱਤਰ ਰਾਧਾ ਰਤੂੜੀ ਨੇ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਸ਼ਰਧਾਲੂ ਚਾਰਧਾਮ ਯਾਤਰਾ ਦੇ ਲਈ ਆ ਰਹੇ ਹਨ। ਇਸ ਦੌਰਾਨ ਕਈ ਲੋਕ ਅਜਿਹੇ ਵੀ ਪਹੁੰਚ ਰਹੇ ਹਨ ਜੀ ਆਸਥਾ ਨਹੀਂ ਬਲਕਿ ਸਿਰਫ਼ ਘੁੰਮਣ ਦੇ ਲਈ ਆ ਰਹੇ ਹਨ ਤੇ ਉਨ੍ਹਾਂ ਦੀਆਂ ਕੁਝ ਹਰਕਤਾਂ ਕਾਰਨ ਲੋਕਾਂ ਦੀ ਆਸਥਾ ਨੂੰ ਠੇਸ ਪਹੁੰਚ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਇੱਥੇ ਆਸਥਾ ਨੂੰ ਕੋਈ ਠੇਸ ਨਾ ਪਹੁੰਚਾਵੇ। ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ।
ਉੱਤਰਾਖੰਡ ਸ਼ਾਸਨ ਨੇ ਸਾਰੇ ਰਾਜਾਂ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਇਹ ਕਿਹਾ ਕਿ ਉਹ ਆਪਣੇ-ਆਪਣੇ ਰਾਜਾਂ ਵਿੱਚ ਇਸ ਗੱਲ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਕਿ ਕੋਈ ਵੀ ਸ਼ਰਧਾਲੂ ਚਾਰਧਾਮ ਯਾਤਰਾ ‘ਤੇ ਬਿਨ੍ਹਾਂ ਰਜਿਸਟ੍ਰੇਸ਼ਨ ਦੇ ਨਾ ਆਉਣ। ਜਿਨ੍ਹਾਂ ਲੋਕਾਂ ਦੀ ਰਜਿਸਟ੍ਰੇਸ਼ਨ ਹੋ ਗਈ ਹੈ, ਉਹ ਉਨ੍ਹਾਂ ਤਰੀਕਾਂ ”ਤੇ ਹੀ ਆਉਣ, ਜਿਨ੍ਹਾਂ ਤਰੀਕਾਂ ਦੀ ਰਜਿਸਟ੍ਰੇਸ਼ਨ ਕਰਵਾਈ ਗਈ ਹੈ। ਇਸ ਤੋਂ ਇਲਾਵਾ ਮੁੱਖ ਸਕੱਤਰ ਨੇ ਆਉਣ ਵਾਲੇ ਸ਼ਰਧਾਲੂਆਂ ਨੂੰ ਸਾਵਧਾਨੀ ਵਰਤਣ ਤੇ ਪ੍ਰਸ਼ਾਸਨ ਦਾ ਸਾਥ ਦੇਣ ਦੀ ਵੀ ਅਪੀਲ ਕੀਤੀ ਹੈ।
ਇਸ ਤੋਂ ਇਲਾਵਾ ਮੁੱਖ ਸਕੱਤਰ ਨੇ ਕਿਹਾ ਕਿ ਯਾਤਰਾ ਵਿੱਚ ਹਰ ਸਾਲ ਦੀ ਤੁਲਨਾ ਇਸ ਸਾਲ ਵੀ ਭੀੜ ਜ਼ਿਆਦਾ ਪਹੁੰਚ ਰਹੀ ਹੈ। ਅਜਿਹੇ ਵਿੱਚ ਅਸੀਂ ਇਹ ਫੈਸਲਾ ਲਿਆ ਹੈ ਕਿ ਬਿਨ੍ਹਾਂ ਰਜਿਸਟ੍ਰੇਸ਼ਨ ਯਾਤਰਾ ਕਰਨ ਵਾਲਿਆਂ ਨੂੰ ਰੋਕਿਆ ਜਾਵੇਗਾ। ਹੁਣ ਅਸੀਂ ਜਗ੍ਹਾ-ਜਗ੍ਹਾ ਗੱਡੀਆਂ ਦੀ ਚੈਕਿੰਗ ਤੇ ਸ਼ਰਧਾਲੂਆਂ ਨਾਲ ਗੱਲਬਾਤ ਕਰ ਕੇ ਹੀ ਉਨ੍ਹਾਂ ਨੂੰ ਅੱਗੇ ਭੇਜਾਂਗੇ, ਤਾਂ ਜੋ ਚਾਰੋ ਧਾਮਾਂ ‘ਤੇ ਅਚਾਨਕ ਭੀੜ ਨਾ ਵਧੇ। ਇਸਦੇ ਨਾਲ ਹੀ ਪ੍ਰਸ਼ਾਸਨ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਕਿਸੇ ਤਰ੍ਹਾਂ ਦੀ ਅਫਵਾਹ ਜਾਂ ਗਲਤ ਵੀਡੀਓ ਚਲਾਉਣ ਵਾਲਿਆਂ ‘ਤੇ ਵੀ ਕਾਰਵਾਈ ਕੀਤੀ ਜਾਵੇਗੀ।