ਪੰਜਾਬ ਦੇ ਹਸਪਤਾਲ ‘ਚ ਬਣਾਇਆ ਗਿਆ ਹੀਟ ਵੇਵ ਵਾਰਡ

ਦਿਨੋਂ-ਦਿਨ ਵੱਧ ਰਹੀ ਅੱਤ ਦੀ ਗਰਮੀ ਦੇ ਮੱਦੇਨਜ਼ਰ ਜ਼ਿਲ੍ਹਾ ਸਿਵਲ ਸਰਜਨ ਦੇ ਹੁਕਮਾਂ ‘ਤੇ ਅਬੋਹਰ ਦੇ ਸਰਕਾਰੀ ਹਸਪਤਾਲ ‘ਚ ਹੀਟ ਵੇਵ ਵਾਰਡ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਗਰਮੀ ਤੋਂ ਪੀੜਤ ਮਰੀਜ਼ਾਂ ਦਾ ਇੱਥੇ ਇਲਾਜ ਕੀਤਾ ਜਾ ਸਕੇ। ਹਸਪਤਾਲ ਦੇ SMO ਡਾ.ਨੀਰਜ ਗੁਪਤਾ ਅਤੇ ਸਹਾਇਕ SMO ਡਾ.ਸੁਰੇਸ਼ ਕੰਬੋਜ ਦੀ ਅਗਵਾਈ ਹੇਠ ਹਸਪਤਾਲ ਦੇ ਕਮਰਾ ਨੰਬਰ 150 ਵਿੱਚ 5 ਬੈੱਡਾਂ ਦਾ ਇਹ ਵਾਰਡ ਬਣਾਇਆ ਗਿਆ ਹੈ। ਜਿਸ ਵਿੱਚ ਗਰਮੀ ਤੋਂ ਬਚਾਅ ਲਈ ਹਰ ਤਰ੍ਹਾਂ ਦਾ ਸਾਮਾਨ ਅਤੇ ਦਵਾਈਆਂ ਰੱਖੀਆਂ ਗਈਆਂ ਹਨ।

SMO ਡਾ: ਨੀਰਜਾ ਗੁਪਤਾ ਨੇ ਦੱਸਿਆ ਕਿ ਜ਼ਿਲ੍ਹਾ ਸਿਵਲ ਸਰਜਨ ਡਾ: ਚੰਦਰ ਸ਼ੇਖਰ ਕੁੱਕੜ ਦੇ ਹੁਕਮਾਂ ‘ਤੇ ਗਰਮੀ ਤੋਂ ਪ੍ਰਭਾਵਿਤ ਲੋਕਾਂ ਦੇ ਇਲਾਜ ਲਈ ਇਹ ਅਗਾਊਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੂਨ ਅਤੇ ਜੁਲਾਈ ਦੇ ਮਹੀਨਿਆਂ ਵਿੱਚ ਵੱਧ ਤਾਪਮਾਨ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਗਰਮੀ ਕਾਰਨ ਸਰੀਰ ਦਾ ਤਾਪਮਾਨ ਵੀ ਵੱਧ ਜਾਂਦਾ ਹੈ, ਜਿਸ ਨਾਲ ਹੀਟ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ।

ਇਸ ਨੂੰ ਧਿਆਨ ਵਿੱਚ ਰੱਖਦਿਆਂ ਇਹ ਵਾਰਡ ਬਣਾਇਆ ਗਿਆ ਹੈ ਜਿੱਥੇ ਮਰੀਜ਼ ਦੇ ਆਉਣ ‘ਤੇ ਉਸ ਦਾ ਬੀਪੀ, ਤਾਪਮਾਨ ਅਤੇ ਆਕਸੀਜਨ ਲੈਵਲ ਚੈੱਕ ਕੀਤਾ ਜਾਵੇਗਾ। ਜੇਕਰ ਆਕਸੀਜਨ ਲੈਣ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਸ ਲਈ ਵੀ ਆਕਸੀਜਨ ਕੰਸੈਂਟਰੇਟਰ ਉਪਲਬਧ ਹੈ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਗਰਮੀਆਂ ਦੌਰਾਨ ਜੇਕਰ ਸੰਭਵ ਹੋਵੇ ਤਾਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਾਹਰ ਜਾਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਪਾਣੀ ਦਾ ਸੇਵਨ ਕੀਤਾ ਜਾਵੇ।

Advertisement