ਗਰਮੀ ਦੀਆਂ ਛੁੱਟੀਆਂ ਵਿਚ ਰੇਲਗੱਡੀਆਂ ਵਿਚ ਲਗਾਤਾਰ ਵਧ ਰਹੀ ਭੀੜ ਨੂੰ ਦੇਖਦੇ ਹੋਏ ਰੇਲ ਵਿਭਾਗ ਲੰਬੀ ਦੂਰੀ ਦੀਆਂ ਟ੍ਰੇਨਾਂ ਵਿਚ ਵਾਧੂ ਕੋਚ ਲਗਾ ਰਿਹਾ ਹੈ। ਉੱਤਰ ਰੇਲਵੇ ਦੇ ਫਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਸੀਨੀਅਰ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਗਰਮੀ ਦੇ ਮੌਸਮ ਦੌਰਾਨ ਯਾਤਰੀਆਂ ਦੀ ਭੀੜ ਨੂੰ ਦੇਖਦੇ ਹੋਏ ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਨੇ ਵਿੱਤੀ ਸਾਲ ਦੇ ਅਪ੍ਰੈਲ ਤੇ ਮਈ ਮਹੀਨਿਆਂ ਦੌਰਾਨ ਲੰਬੀ ਦੂਰੀ ਦੀਆਂ ਟ੍ਰੇਨਾਂ ਵਿਚ 34 ਵਾਧੂ ਕੋਚ ਜੋੜੇ ਗਏ ਸਨ।
ਗਰਮੀ ਦੇ ਦਿਨਾਂ ਵਿਚ ਯਾਤਰੀਆਂ ਦੀ ਗਿਣਤੀ ਵਧ ਜਾਂਦੀ ਹੈ ਜਿਸ ਨਾਲ ਯਾਤਰੀਆਂ ਨੂੰ ਕੰਫਰਮ ਸੀਟ ਮਿਲਣ ਵਿਚ ਦਿੱਕਤ ਹੁੰਦੀ ਹੈ। ਇਸ ਸਮੱਸਿਆ ਨਾਲ ਨਿਪਟਣ ਲਈ ਤੇ ਯਾਤਰੀਆਂ ਨੂੰ ਰਿਜ਼ਰਵ ਸੀਟਾਂ ਉਪਲਬਧ ਕਰਾਉਣ ਲਈ ਜਿਹੜੀਆਂ ਟ੍ਰੇਨਾਂ ਵਿਚ ਵੇਟਿੰਗ ਲਿਸਟ ਵਾਲੇ ਯਾਤਰੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ, ਉਨ੍ਹਾਂ ਦਾ ਰੇਲਵੇ ਅਧਿਕਾਰੀਆਂ ਵੱਲੋਂ ਉੱਚ ਪੱਧਰ ‘ਤੇ ਨਿਰੀਖਣ ਕੀਤਾ ਜਾਂਦਾ। ਫਿਰ ਵਾਧੂ ਕੋਚ ਜੋੜ ਕੇ ਵੇਟਿੰਗ ਲਿਸਟ ਵਾਲੇ ਯਾਤਰੀਆਂ ਦੀ ਭੀੜ ਘੱਟ ਕਰ ਦਿੱਤੀ ਜਾਂਦੀ ਹੈ।
ਫਿਰੋਜ਼ਪੁਰ ਮੰਡਲ ਵੱਲੋਂ ਅਪ੍ਰੈਲ ਤੇ ਮਈ 2024 ਦੌਰਾਨ ਵੱਖ-ਵੱਖ ਟ੍ਰੇਨਾਂ ਵਿਚ 34 ਵਾਧੂ ਕੋਚ ਲਗਾਏ ਗਏ ਹਨ। ਉਨ੍ਹਾਂ ਕੋਚਾਂ ਵਿਚ 5 ਏਅਰ ਕੰਡੀਸ਼ਨਰ, 2 ਥਰਡ ਏਅਰ ਕੰਡੀਸ਼ਰ ਇਕੋਨਾਮੀ, 14 ਸਲੀਪਰ, 1 ਸੈਕੰਡ ਸੀਟਿੰਗ ਤੇ 12 ਜਨਰਲ ਕੋਚ ਸ਼ਾਮਲ ਹਨ ਜਿਸ ਦਾ ਫਾਇਦਾ ਚੁੱਕ ਕੇ ਲਗਭਗ 2600 ਰੇਲ ਯਾਤਰੀਆਂ ਨੇ ਯਾਤਰਾ ਕੀਤੀ ਤੇ ਵਾਧੂ ਭੀੜ ਨੂੰ ਦੂਰ ਕਰਨ ਲਈ ਗਰਮੀ ਲਈ ਵਿਸ਼ੇਸ਼ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ। ਫਿਰੋਜ਼ਪੁਰ ਮੰਡਲ ਵਿਚ ਵਾਧੂ ਭੀੜ ਨੂੰ ਦੂਰ ਕਰਨ ਲਈ 12 ਜੋੜੀ ਵਿਸ਼ੇਸ਼ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ।