ਇਕ ਗਰਮੀ ਦੀ ਮਾਰ ਤੇ ਦੂਜਾ ਪਾਣੀ ਦੀ ਕਿੱਲਤ ਨੇ ਮਚਾਈ ਹਾਹਾਕਾਰ

ਰਾਜਧਾਨੀ ਦਿੱਲੀ ਵਿੱਚ ਗਰਮੀ ਨੇ ਪਿਛਲੇ 100 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। 28 ਮਈ (ਮੰਗਲਵਾਰ) ਨੂੰ ਦਿੱਲੀ ਦੇ ਮੁੰਗੇਸ਼ਪੁਰ ਅਤੇ ਨਰੇਲਾ ਵਿੱਚ ਤਾਪਮਾਨ 49.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦੋਂਕਿ ਨਜਫਗੜ੍ਹ ਵਿੱਚ ਪਾਰਾ 49.8 ਡਿਗਰੀ ਤੱਕ ਪਹੁੰਚ ਗਿਆ। ਜਦਕਿ ਰਾਜਸਥਾਨ ਦੇ ਚੁਰੂ ਵਿੱਚ ਤਾਪਮਾਨ 50.5 ਡਿਗਰੀ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ ਦੇ ਲੋਕਾਂ ਨੂੰ ਕੁਝ ਦਿਨਾਂ ਤੱਕ ਇਸ ਭਿਆਨਕ ਗਰਮੀ ਤੋਂ ਰਾਹਤ ਨਹੀਂ ਮਿਲੇਗੀ।

ਇਸੇ ਵਿਚਾਲੇ ਦਿੱਲੀ ਵਿੱਚ ਪਾਣੀ ਦਾ ਸੰਕਟ ਵੀ ਡੂੰਘਾ ਹੋ ਗਿਆ ਹੈ। ਦਿੱਲੀ ਦੇ ਕਈ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਠੱਪ ਹੋ ਗਈ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਨ੍ਹਾਂ ਇਲਾਕਿਆਂ ਵਿਚ ਦਿਨ ਵਿਚ ਦੋ ਵਾਰ ਪਾਣੀ ਆਉਂਦਾ ਹੈ, ਉਥੇ ਹੁਣ ਇਕ ਵਾਰ ਆਵੇਗਾ। ਬਾਕੀ ਬਚਦਾ ਪਾਣੀ ਉਨ੍ਹਾਂ ਇਲਾਕਿਆਂ ਨੂੰ ਦਿੱਤਾ ਜਾਵੇਗਾ ਜਿੱਥੇ ਪਾਣੀ ਨਹੀਂ ਆਉਂਦਾ। ਸਰਕਾਰ ਨੇ ਇਹ ਵੀ ਅਪੀਲ ਕੀਤੀ ਹੈ ਕਿ ਦਿੱਲੀ ਵਾਸੀਆਂ ਨੂੰ ਆਪਣੀਆਂ ਕਾਰਾਂ ਨੂੰ ਖੁੱਲ੍ਹੀਆਂ ਪਾਈਪਾਂ ਨਾਲ ਨਾ ਧੋਣਾ ਚਾਹੀਦਾ ਹੈ ਅਤੇ ਟੈਂਕੀਆਂ ਤੋਂ ਪਾਣੀ ਭਰਨ ਤੋਂ ਬਚਣਾ ਚਾਹੀਦਾ ਹੈ। ਪਾਣੀ ਦੀ ਦੁਰਵਰਤੋਂ ‘ਤੇ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਦੂਜੇ ਪਾਸੇ ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਨੇ ਦੋਸ਼ ਲਾਇਆ ਕਿ ਹਰਿਆਣਾ ਸਰਕਾਰ ਨੇ ਪਹਿਲੀ ਮਈ ਤੋਂ ਯਮੁਨਾ ਵਿੱਚ ਪਾਣੀ ਦੀ ਸਪਲਾਈ ਘਟਾ ਦਿੱਤੀ ਹੈ। ਇਸ ਦੇ ਲਈ ਸਰਕਾਰ ਅਦਾਲਤ ਦਾ ਦਰਵਾਜ਼ਾ ਵੀ ਖੜਕ ਸਕਦੀ ਹੈ।

ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਨੇ ਕਿਹਾ ਕਿ ਗਰਮੀਆਂ ਦੇ ਮਹੀਨਿਆਂ ਦੌਰਾਨ ਯਮੁਨਾ ਵਿੱਚ ਔਸਤਨ 674.5 ਫੁੱਟ ਪਾਣੀ ਹੀ ਬਰਕਰਾਰ ਰਹਿੰਦਾ ਹੈ। ਪਿਛਲੇ ਸਾਲ, ਅਪ੍ਰੈਲ, ਮਈ ਅਤੇ ਜੂਨ ਦੇ ਮਹੀਨਿਆਂ ਵਿੱਚ ਵਜ਼ੀਰਾਬਾਦ ਵਿੱਚ ਪਾਣੀ ਦਾ ਇਹੀ ਪੱਧਰ ਹਮੇਸ਼ਾ ਬਰਕਰਾਰ ਰਿਹਾ ਸੀ। ਪਰ ਇਸ ਸਾਲ 1 ਮਈ ਤੋਂ ਹਰਿਆਣਾ ਨੇ ਦਿੱਲੀ ਨੂੰ ਪਾਣੀ ਦੀ ਸਪਲਾਈ ਵਿਚ ਆਪਣਾ ਹਿੱਸਾ ਘਟਾ ਦਿੱਤਾ ਹੈ ਅਤੇ ਯਮੁਨਾ ਦੇ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ। ਯਮੁਨਾ ਦਾ ਪਾਣੀ 1 ਮਈ ਨੂੰ 674.5 ਫੁੱਟ ਸੀ, ਜੋ 28 ਮਈ ਨੂੰ ਘੱਟ ਕੇ 669.8 ਫੁੱਟ ‘ਤੇ ਆ ਗਿਆ। ਇਸ ਕਾਰਨ ਦਿੱਲੀ ਵਿੱਚ ਪਾਣੀ ਦਾ ਸੰਕਟ ਵਧ ਗਿਆ ਹੈ। ਇਸ ਦੇ ਮੱਦੇਨਜ਼ਰ ਅਹਿਤਿਆਤੀ ਕਦਮ ਚੁੱਕੇ ਜਾ ਰਹੇ ਹਨ।

Advertisement