ਜੰਮੂ-ਕਸ਼ਮੀਰ ਵਿਚ ਅੱਤਵਾਦੀ ਹਮਲੇ ਵਿਚ ਇਕ ਜਵਾਨ ਸ਼ਹੀਦ ਹੋ ਗਿਆ ਹੈ। ਇਹ ਹਮਲਾ ਬੀਤੀ ਰਾਤ ਡੋਡਾ ਦੇ ਛਤਰਗਲਾ ਵਿਚ 4 ਰਾਸ਼ਟਰੀ ਰਾਈਫਲਸ ਤੇ ਪੁਲਿਸ ਦੀ ਜੁਆਇੰਟ ਚੈਕਪੋਸਟ ਤੇ ਹੋਇਆ। ਹਮਲੇ ਵਿਚ 4 ਜਵਾਨ ਤੇ 1 ਐੱਸਪੀਓ ਜ਼ਖਮੀ ਵੀ ਹੋਏ ਹਨ। ਸ਼ਹੀਦ ਹੋਏ ਜਵਾਨ ਦੀ ਪਛਾਣ ਸੀਆਰਪੀਐੱਫ ਦੇ ਕਾਂਸਟੇਬਲ ਕਬੀਰ ਦਾਸ ਵਜੋਂ ਹੋਈ। ਹਮਲੇ ਦੀ ਜ਼ਿੰਮੇਵਾਰੀ ਜੇਈਐੱਮ/ਜੈਸ਼ ਨੇ ਲਈ ਹੈ। ਇਸ ਹਮਲੇ ਤੋਂ ਕੁਝ ਘੰਟੇ ਪਹਿਲਾਂ ਮੰਗਲਵਾਰ ਰਾਤ ਲਗਭਗ 8 ਵਜੇ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਸਥਿਤ ਪੈਦਾ ਸੁਖਲ ਪਿੰਡ ਵਿਚ ਵੀ ਅੱਤਵਾਦੀ ਹਮਲਾ ਹੋਇਆ। ਇਥੇ ਅੱਤਵਾਦੀਆਂ ਦੀ ਫਾਇਰਿੰਗ ਵਿਚ ਇਕ ਵਿਅਕਤੀ ਵੀ ਜ਼ਖਮੀ ਹੋ ਗਿਆ। ਪੁਲਿਸ ਨੇ ਹਮਲਾ ਕਰਨ ਵਾਲੇ 2 ਵਿਚੋਂ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ।
ਦੂਜਾ ਅੱਤਵਾਦੀ ਪਿੰਡ ਵਿਚ ਹੀ ਕਿਤੇ ਲੁਕਿਆ ਹੋਇਆ ਹੈ। ਉਸ ਨੇ ਮੌਕੇ ਤੇ ਪਹੁੰਚੇ ਡੀਆਈਜੀ ਤੇ ਐੱਸਐੱਸਪੀ ਕਠੂਆ ਦੀ ਗੱਡੀ ਤੇ ਫਾਇਰਿੰਗ ਕਰ ਦਿੱਤੀ। ਦੋਵੇਂ ਵਾਲ-ਵਾਲ ਬਚ ਗਏ। ਅੱਤਵਾਦੀ ਤੇ ਪੁਲਿਸ ਵਿਚ ਫਾਇਰਿੰਗ ਜਾਰੀ ਹੈ। ਇਸ ਤੋਂ ਪਹਿਲਾਂ 9 ਜੂਨ ਦੀ ਸ਼ਾਮ ਨੂੰ ਰਿਆਸੀ ਵਿਚ ਸ਼ਰਧਾਲੂਆਂ ਦੀ ਬੱਸ ‘ਤੇ ਹਮਲੇ ਦੇ 3 ਦਿਨ ਦੇ ਅੰਦਰ 3 ਅੱਤਵਾਦੀ ਹਮਲੇ ਹੋ ਚੁੱਕੇ ਹਨ।