ਪੰਜਾਬ ਵਿਚ ਇਕਦਮ ਮੌਸਮ ਬਦਲ ਗਿਆ ਹੈ। ਕੱਲ੍ਹ ਸ਼ਾਮ ਤੋਂ ਸ਼ੁਰੂ ਹੋਈ ਬਾਰਸ਼ ਨੇ ਵੱਡੀ ਰਾਹਤ ਦਿੱਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਂਦੇ ਕੁਝ ਦਿਨਾਂ ਤੱਕ ਮੌਸਮ ਇਸੇ ਤਰ੍ਹਾਂ ਬਣਿਆਂ ਰਹੇਗਾ। ਇਧਰ, ਪੰਜਾਬ ਅਤੇ ਗੁਆਂਢੀ ਸੂਬਿਆਂ ਵਿਚ ਮਾਨਸੂਨ ਬਾਰੇ ਵੱਡੀ ਅਪਡੇਟ ਆਈ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਏਕੇ ਸਿੰਘ ਨੇ ਦੱਸਿਆ ਹੈ ਕਿ ਪੰਜਾਬ ਵਿਚ ਆਪਣੇ ਤੈਅ ਸਮੇਂ ਅਨੁਸਾਰ 27-28 ਜੂਨ ਦੇ ਨਜ਼ਦੀਕ ਮੌਨਸੂਨ ਦਸਤਕ ਦੇ ਸਕਦਾ ਹੈ।
ਪੱਛਮੀ ਗੜਬੜੀ ਦੇ ਚੱਲਦਿਆਂ ਮਾਨਸੂਨ ਤੋਂ ਪਹਿਲਾਂ ਪਏ ਮੀਂਹ ਕਰਕੇ ਲੋਕਾਂ ਨੂੰ 20-21 ਜੂਨ ਤੱਕ ਮੌਸਮ ਖੁਸ਼ਗਵਾਰ ਰਹਿ ਸਕਦਾ ਹੈ। ਬੁੱਧਵਾਰ ਸ਼ਾਮ ਨੂੰ ਪੰਜਾਬ ਦੇ ਮਾਝੇ ਤੇ ਦੋਆਬੇ ਇਲਾਕੇ ’ਚ ਹਨੇਰੀ ਚੱਲੀ ਤੇ ਉਸ ਤੋਂ ਬਾਅਦ ਹਲਕਾ ਮੀਂਹ ਪਿਆ। ਇਸ ਦਾ ਅਸਰ ਮਾਲਵੇ ਵਿਚ ਵੀ ਦੇਖਣ ਨੂੰ ਮਿਲਿਆ ਹੈ। ਅੰਮ੍ਰਿਤਸਰ ਦੇ ਕੁਝ ਇਲਾਕਿਆਂ ’ਚ ਮੀਂਹ ਦੇ ਨਾਲ ਗੜੇਮਾਰੀ ਵੀ ਹੋਈ ਹੈ। ਸੂਬੇ ਦੇ ਜਲੰਧਰ, ਹੁਸ਼ਿਆਰਪੁਰ, ਪਠਾਨਕੋਟ, ਰੋਪੜ, ਆਨੰਦਪੁਰ ਸਾਹਿਬ, ਲੁਧਿਆਣਾ, ਮੁਹਾਲੀ ਤੇ ਪਟਿਆਲਾ ਦੇ ਕੁਝ ਇਲਾਕਿਆਂ ’ਚ ਹਨੇਰੀ ਤੋਂ ਬਾਅਦ ਮੀਂਹ ਪੈਣ ਕਾਰਨ ਤਾਪਮਾਨ ’ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਲੇ 24 ਤੋਂ 48 ਘੰਟਿਆਂ ਦੌਰਾਨ ਪੰਜਾਬ ’ਚ ਕਈ ਥਾਵਾਂ ’ਤੇ ਹਨੇਰੀ ਚੱਲਣ ਤੋਂ ਇਲਾਵਾ ਮੀਂਹ ਪੈ ਸਕਦਾ ਹੈ।