ਅੰਮ੍ਰਿਤਸਰ ‘ਚ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ ‘ਤੇ ਜ਼ਿਲ੍ਹੇ ਭਰ ‘ਚ ਯੋਗਾ ਕੈਂਪ ਲਗਾਏ ਗਏ ਅਤੇ ਲੋਕਾਂ ਨੂੰ ਯੋਗਾ ਕਰਨ ਅਤੇ ਇਸ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਦਾ ਹਿੱਸਾ ਬਣਾਉਣ ਦਾ ਸੰਦੇਸ਼ ਦਿੱਤਾ ਗਿਆ। ਅੰਮ੍ਰਿਤਸਰ ਦੇ ਕੰਪਨੀ ਬਾਗ ਵਿਖੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦਾ ਆਯੋਜਨ ਕਰਦਿਆਂ BSF ਦੇ ਜਵਾਨਾਂ ਨੇ ਅਟਾਰੀ ਸਰਹੱਦ ’ਤੇ ਸਥਿਤ ਗੋਲਡਨ ਗੇਟ ਗੈਲਰੀ ਵਿੱਚ ਇਕੱਠੇ ਯੋਗਾ ਕੀਤਾ।
ਕੌਮਾਂਤਰੀ ਅਟਾਰੀ ਸਰਹੱਦ ‘ਤੇ ਸਥਿਤ ਜੇ.ਸੀ.ਪੀ. ਵਿਖੇ ਯੋਗ ਦਿਵਸ ਮਨਾਇਆ ਗਿਆ। ਯੋਗ ਮਾਹਿਰ ਅਟਾਰੀ ਬਾਰਡਰ ‘ਤੇ ਤੜਕਸਾਰ ਹੀ ਪਹੁੰਚ ਗਏ ਸਨ। ਇਸ ਮੌਕੇ ਬੀ.ਐਸ.ਐਫ. ਖਾਸਾ ਹੈਡ ਕੁਆਰਟਰ ਅੰਮ੍ਰਿਤਸਰ ਦੇ ਡੀ.ਆਈ.ਜੀ. ਪਵਨ ਬਜਾਜ ਦੀ ਅਗਵਾਈ ਹੇਠ ਸੈਂਕੜੇ ਬੀ.ਐਸ.ਐਫ. ਦੇ ਉੱਚ ਅਧਿਕਾਰੀਆਂ ਅਤੇ ਜਵਾਨਾਂ ਨੇ ਯੋਗ ਕੀਤਾ ਅਤੇ ਪ੍ਰਣ ਲਿਆ ਕਿ ਉਹ ਰੋਜ਼ਾਨਾ ਯੋਗ ਕਰਿਆ ਕਰਨਗੇ।
ਇਸ ਮੌਕੇ ਅਟਾਰੀ ਸਰਹੱਦ ‘ਤੇ ਤਾਇਨਾਤ ਹੋਰ ਮਹਿਕਮਿਆਂ ਦੇ ਅਧਿਕਾਰੀ ਵੀ ਮੌਜੂਦ ਸਨ। ਯੋਗ ਗੁਰੂਆਂ ਨੇ ਕਿਹਾ ਕਿ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਾਰਿਆਂ ਨੂੰ ਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਜਵਾਨਾਂ ਨੂੰ ਸੈਰ ਕਰਨ ਦੀ ਵੀ ਸਲਾਹ ਦਿੱਤੀ। ਪੰਜਾਬ ਦੇ ਜ਼ਿਆਦਾਤਰ ਪਾਰਕਾਂ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਆਪਣੇ ਪੱਧਰ ‘ਤੇ ਪ੍ਰੋਗਰਾਮ ਉਲੀਕੇ ਗਏ।