ਜਹਾਜ਼ ਹਾਈਜੈਕ ਕਰਨ ਵਾਲੇ ਖਾਲਿਸਤਾਨੀ ਲੀਡਰ ਗਜਿੰਦਰ ਸਿੰਘ ਦੀ ਮੌ.ਤ

ਖਾਲਿਸਤਾਨ ਪੱਖੀ ਸਿੱਖ ਲੀਡਰ ਤੇ ਦਲ ਖਾਲਸਾ ਦੇ ਸੰਸਥਾਪਕ ਗਜਿੰਦਰ ਸਿੰਘ ਦੀ ਪਾਕਿਸਤਾਨ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਉਹ ਦਿਲ ਦੀ ਬਿਮਾਰੀ ਤੋਂ ਪੀੜਤ ਸੀ। ਗਜਿੰਦਰ ਸਿੰਘ ਨੇ 1981 ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਇੱਕ ਜਹਾਜ਼ ਨੂੰ ਅਗਵਾ ਕੀਤਾ ਸੀ। ਗਜਿੰਦਰ ਸਿੰਘ ਦੀ ਮੌਤ ਤੋਂ ਬਾਅਦ ਦੁਨੀਆ ਭਰ ‘ਚ ਖਾਲਿਸਤਾਨੀ ਲਹਿਰ ਨੂੰ ਵੱਡਾ ਝਟਕਾ ਲੱਗਾ ਹੈ।

ਗਜਿੰਦਰ ਸਿੰਘ ਬਾਰੇ 2021 ਵਿੱਚ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਖੁਲਾਸਾ ਹੋਇਆ ਸੀ ਕਿ ਉਹ ਪਾਕਿਸਤਾਨ ਵਿੱਚ ਲੁਕਿਆ ਹੋਇਆ ਹੈ। 2021 ਵਿਚ ਦਲ ਖਾਲਸਾ ਦੇ ਇੱਕ ਮੈਂਬਰ ਨੇ ਫੇਸਬੁੱਕ ‘ਤੇ ਗਜਿੰਦਰ ਸਿੰਘ ਦੀ ਤਸਵੀਰ ਸ਼ੇਅਰ ਕਰਕੇ ਉਸ ਦੇ ਪਾਕਿਸਤਾਨ ਵਿੱਚ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਸੀ। 1996 ਤੋਂ ਭਾਰਤੀ ਖੁਫੀਆ ਏਜੰਸੀਆਂ ਉਸ ਦਾ ਟਿਕਾਣਾ ਜਾਣਨ ਦੀ ਕੋਸ਼ਿਸ਼ ਕਰ ਰਹੀਆਂ ਸਨ। ਪੋਸਟ ‘ਚ ਖੁਲਾਸਾ ਹੋਇਆ ਸੀ ਕਿ ਉਹ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਹਸਨ ਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ‘ਚ ਮੌਜੂਦ ਸੀ।

ਗਜਿੰਦਰ ਸਿੰਘ ਨੂੰ 2002 ‘ਚ 20 ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ‘ਚ ਸ਼ਾਮਲ ਕੀਤਾ ਗਿਆ ਸੀ। ਉਹ ਉਨ੍ਹਾਂ ਪੰਜ ਮੈਂਬਰਾਂ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ 29 ਸਤੰਬਰ, 1981 ਨੂੰ 111 ਯਾਤਰੀਆਂ ਤੇ ਚਾਲਕ ਦਲ ਦੇ ਛੇ ਮੈਂਬਰਾਂ ਨੂੰ ਲੈ ਜਾ ਰਹੀ ਫਲਾਈਟ ਏਆਈ-423 ਨੂੰ ਹਾਈਜੈਕ ਕਰ ਲਿਆ ਸੀ। ਇਹ ਫਲਾਈਟ ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਸੀ ਤੇ ਇਸ ਨੂੰ ਹਾਈਜੈਕ ਕਰਕੇ ਜ਼ਬਰਦਸਤੀ ਲਾਹੌਰ ‘ਚ ਉਤਾਰਿਆ ਗਿਆ ਸੀ। ਇਸ ਤੋਂ ਬਾਅਦ ਖਾਲਿਸਤਾਨੀ ਦੀ ਰਿਹਾਈ ਤੇ 5 ਲੱਖ ਅਮਰੀਕੀ ਡਾਲਰ ਦੀ ਮੰਗ ਕੀਤੀ ਗਈ ਸੀ।

ਇਸ ਘਟਨਾ ਤੋਂ ਬਾਅਦ ਪਾਕਿਸਤਾਨ ਵਿੱਚ ਪੰਜਾਂ ਹਾਈਜੈਕਰਾਂ ਨੂੰ 14 ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਸ ਨੂੰ 1995 ਵਿੱਚ ਸਜ਼ਾ ਪੂਰੀ ਕਰਨ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਗਜਿੰਦਰ ਸਿੰਘ 1996 ਵਿੱਚ ਜਰਮਨੀ ਚਲਾ ਗਿਆ ਸੀ ਪਰ ਭਾਰਤ ਵੱਲੋਂ ਉਠਾਏ ਇਤਰਾਜ਼ਾਂ ਤੋਂ ਬਾਅਦ, ਉਸ ਨੂੰ ਜਰਮਨੀ ਵਿੱਚ ਦਾਖਲ ਹੋਣੋਂ ਇਨਕਾਰ ਕਰ ਦਿੱਤਾ ਗਿਆ ਤੇ ਪਾਕਿਸਤਾਨ ਵਾਪਸ ਆ ਗਿਆ। 

Advertisement