ਦੇਸ਼ ਦੇ ਸਾਰੇ ਸ਼ਹਿਰਾਂ ਵਿਚ ਹਰੀਆਂ ਸਬਜ਼ੀਆਂ ਦੇ ਨਾਲ-ਨਾਲ ਟਮਾਟਰ ਦੀਆਂ ਕੀਮਤਾਂ ਦੇ ਭਾਅ ਵੱਧ ਚੁੱਕੇ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ ‘ਚ ਟਮਾਟਰ 90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਮੌਨਸੂਨ ਦੀ ਭਾਰੀ ਬਾਰਿਸ਼ ਕਾਰਨ ਕਈ ਸੂਬਿਆਂ ‘ਚ ਟਮਾਟਰ ਦੀ ਫਸਲ ਨੂੰ ਨੁਕਸਾਨ ਹੋਇਆ ਹੈ। ਸਬਜ਼ੀ ਵਿਕਰੇਤਾ ਨੇ ਦੱਸਿਆ ਕਿ ਭਾਰੀ ਬਰਸਾਤ ਕਾਰਨ ਟਮਾਟਰਾਂ ਦੀ ਸਹੀ ਸਪਲਾਈ ਨਹੀਂ ਹੋ ਰਹੀ, ਜਿਸ ਕਾਰਨ ਇਨ੍ਹਾਂ ਦੇ ਭਾਅ ਵਧ ਗਏ ਹਨ।

ਸਥਾਨਕ ਮੰਡੀ ਦੇ ਨਾਲ-ਨਾਲ ਦਿੱਲੀ ਦੀਆਂ ਥੋਕ ਮੰਡੀਆਂ ਜਿਵੇਂ ਆਜ਼ਾਦਪੁਰ ਮੰਡੀ, ਗਾਜ਼ੀਪੁਰ ਮੰਡੀ, ਓਖਲਾ ਸਬਜ਼ੀ ਮੰਡੀ ‘ਚ ਵੀ ਟਮਾਟਰ ਦੀਆਂ ਕੀਮਤਾਂ ਉੱਚੀਆਂ ਹਨ। ਸਥਾਨਕ ਬਾਜ਼ਾਰ ਅਤੇ ਆਨਲਾਈਨ ਰਿਟੇਲ ਪਲੇਟਫਾਰਮ ‘ਤੇ ਟਮਾਟਰਾਂ ਦੀਆਂ ਕੀਮਤਾਂ ਵਧਣ ਕਾਰਨ ਦਿੱਲੀ ਵਾਸੀ ਵੀ ਕਾਫੀ ਪਰੇਸ਼ਾਨ ਹਨ। ਲਕਸ਼ਮੀ ਨਗਰ ਦੇ ਇੱਕ ਵਸਨੀਕ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਟਮਾਟਰ ਦੀ ਕੀਮਤ 28 ਰੁਪਏ ਪ੍ਰਤੀ ਕਿਲੋ ਸੀ, ਹੁਣ ਇਹ 90 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਟਮਾਟਰ ਦੇ ਨਾਲ-ਨਾਲ ਹਰੀਆਂ ਸਬਜ਼ੀਆਂ ਵੀ ਮਹਿੰਗੀਆਂ ਹੋ ਗਈਆਂ ਹਨ।
ਗਾਜ਼ੀਪੁਰ ਸਬਜ਼ੀ ਮੰਡੀ ਦੇ ਵਿਕਰੇਤਾ ਪਰਵੀਤ ਨੇ ਦੱਸਿਆ ਕਿ ਇਕ ਹਫ਼ਤਾ ਪਹਿਲਾਂ ਟਮਾਟਰ 30 ਤੋਂ 35 ਰੁਪਏ ਕਿਲੋ ਵਿਕ ਰਿਹਾ ਸੀ, ਜੋ ਹੁਣ 60 ਤੋਂ 70 ਰੁਪਏ ਕਿਲੋ ਵਿਕ ਰਿਹਾ ਹੈ। ਓਖਲਾ ਸਬਜ਼ੀ ਮੰਡੀ ਦੇ ਸਬਜ਼ੀ ਵਿਕਰੇਤਾ ਅਨੁਸਾਰ ਪਿਛਲੇ ਇੱਕ ਹਫ਼ਤੇ ਤੋਂ ਟਮਾਟਰਾਂ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ। ਇਹ ਵਾਧਾ ਭਾਰੀ ਮੀਂਹ ਕਾਰਨ ਆਇਆ ਹੈ। ਟਮਾਟਰ ਦੀ ਲੰਬੀ ਸ਼ੈਲਫ ਲਾਈਫ ਨਹੀਂ ਹੁੰਦੀ। ਇਹ ਜਲਦੀ ਸੜਨ ਲੱਗ ਜਾਂਦਾ ਹੈ। ਅਜਿਹੇ ‘ਚ ਇਸ ਨੂੰ ਜ਼ਿਆਦਾ ਦੇਰ ਤੱਕ ਸਟੋਰ ਨਹੀਂ ਕੀਤਾ ਜਾ ਸਕਦਾ।