ਜੇ ਤੁਸੀਂ ਹੁਣ ਸਨਰੂਫ ਗੱਡੀ ਵਿੱਚੋਂ ਬਾਹਰ ਖੜ੍ਹ ਕੇ ਨਜ਼ਾਰਾ ਲੈਣਾ ਦੇ ਸ਼ੌਕੀਨ ਹੋ ਤਾਂ ਸਾਵਧਾਨ ਹੋ ਜਾਓ। ਅਜਿਹਾ ਕਰਨ ਵਾਲਿਆਂ ਲਈ ਬਹੁਤ ਹੀ ਅਹਿਮ ਖਬਰ ਸਾਹਮਣੇ ਆਈ ਹੈ। ਦਰਅਸਲ ਪੰਜਾਬ ‘ਚ ਹੁਣ ਲਗਜ਼ਰੀ ਗੱਡੀਆਂ ਦੇ ਉੱਪਰ ਬਣੇ ਸਨਰੂਫ ‘ਚੋਂ ਨਿਕਲਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਹੁਣ ਪੰਜਾਬ ਪੁਲਿਸ ਤੁਹਾਡਾ ਚਲਾਨ ਦੇ ਨਾਲ-ਨਾਲ ਪਰਚਾ ਵੀ ਦਰਜ ਕਰ ਸਕਦੀ ਹੈ। ਇਸ ਸਬੰਧੀ ਲਿਖਤੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।
ਪੰਜਾਬ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਨੇ ਇਸ ਸਬੰਧੀ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਪੱਤਰ ਜਾਰੀ ਕੀਤਾ ਹੈ। ਪੱਤਰ ‘ਚ ਕਿਹਾ ਗਿਆ ਹੈ ਕਿ ਬੱਚੇ ਕਾਰਾਂ ਦੀ ਛੱਤ ‘ਤੇ ਸਨਰੂਫ ਰਾਹੀਂ ਨਿਕਲਦੇ ਹਨ ਅਤੇ ਨੈਸ਼ਨਲ ਹਾਈਵੇਅ, ਸੂਬੇ ਅਤੇ ਸ਼ਹਿਰ ਵਿਚ ਰੌਲਾ ਪਾਉਂਦੇ ਹਨ, ਜਿਸ ਕਾਰਨ ਡ੍ਰਾਈਵਰਾਂ ਦਾ ਧਿਆਨ ਭਟਕ ਜਾਂਦਾ ਹੈ ਅਤੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਇਸ ਦੇ ਖਿਲਾਫ ਬੈਂਗਲੁਰੂ ਪੁਲਿਸ ਵੱਲੋਂ ਚਲਾਨ ਪੇਸ਼ ਕੀਤੇ ਜਾ ਰਹੇ ਹਨ। ਇਸ ਤਹਿਤ ਪੰਜਾਬ ਦੇ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਕਪਤਾਨਾਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਆਪਣੇ ਅਧੀਨ ਤਾਇਨਾਤ ਮੁਲਾਜ਼ਮਾਂ/ਟਰੈਫਿਕ ਕਰਮਚਾਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਅਗਰ ਕੋਈ ਵਹੀਕਲ/ਕਾਰ ਦੌਰਾਨੇ ਚੈਕਿੰਗ ਨੋਟਿਸ ਵਿੱਚ ਆਉਂਦੀ ਹੈ ਤਾਂ ਉਸ ਦੇ ਖਿਲਾਫ਼ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।