ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਮਾਡਿਊਲ ਦੇ ਇੱਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਵਿੱਕੀ ਵਾਸੀ ਪਿੰਡ ਬੰਗੜ ਗੁਰਦਾਸਪੁਰ ਵਜੋਂ ਹੋਈ ਹੈ। ਅੱਤਵਾਦੀ ਦੇ ਕਬਜ਼ੇ ‘ਚੋਂ ਇਕ ਪਿਸਤੌਲ, ਦੋ ਮੈਗਜ਼ੀਨ, 9 ਜਿੰਦਾ ਕਾਰਤੂਸ ਅਤੇ ਇਕ ਖਾਲੀ ਗੋਲੀ ਦਾ ਖੋਲ ਬਰਾਮਦ ਹੋਇਆ ਹੈ। ਮੁਲਜ਼ਮ ਕਿਸੇ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ। ਹੁਣ ਤੱਕ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਸ਼ੀ ਅਮਰੀਕਾ ਸਥਿਤ ਅੱਤਵਾਦੀ ਹਰਪ੍ਰੀਤ ਸਿੰਘ ਉਰਫ ਹੈਪੀ ਪਸਿਆਣਾ ਅਤੇ ਇਟਲੀ ਸਥਿਤ ਅੱਤਵਾਦੀ ਰੇਸਮ ਸਿੰਘ ਦੇ ਸੰਪਰਕ ‘ਚ ਸੀ। ਉਸ ਦੇ ਕਹਿਣ ‘ਤੇ ਹੀ ਉਹ ਕੋਈ ਵੱਡਾ ਅਪਰਾਧ ਕਰਨ ਦੀ ਯੋਜਨਾ ਬਣਾ ਰਿਹਾ ਸੀ।
ਇਸ ਸਬੰਧੀ ਜਦੋਂ ਐੱਸਐੱਸਓਸੀ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਗੁਪਤ ਸੂਚਨਾ ਦੇ ਆਧਾਰ ’ਤੇ ਮੁਲਜ਼ਮ ਨੂੰ ਦਿਹਾਤੀ ਇਲਾਕੇ ’ਚੋਂ ਗ੍ਰਿਫ਼ਤਾਰ ਕੀਤਾ। ਡੀਜੀਪੀ ਗੌਰਵ ਯਾਦਵ ਨੇ ਖੁਦ ਐਕਸ ‘ਤੇ ਇੱਕ ਪੋਸਟ ਸ਼ੇਅਰ ਕਰਕੇ ਫੜੇ ਗਏ ਅੱਤਵਾਦੀ ਦੀ ਪੁਸ਼ਟੀ ਕੀਤੀ ਹੈ। ਪੋਸਟ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਪਰਾਧ ਮੁਕਤ ਬਣਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਤਹਿਤ ਐਸਐਸਓਸੀ ਨੇ ਅਮਰੀਕਾ ਸਥਿਤ ਦਹਿਸ਼ਤਗਰਦ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਅਨ ਅਤੇ ਇਟਲੀ ਸਥਿਤ ਦਹਿਸ਼ਤਗਰਦ ਰੇਸ਼ਮ ਸਿੰਘ ਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਪਿਸਤੌਲ, ਮੈਗਜ਼ੀਨ ਤੇ ਗੋਲੀਆਂ ਬਰਾਮਦ ਹੋਈਆਂ ਹਨ।
ਜ਼ਿਕਰਯੋਗ ਹੈ ਕਿ ਅੱਤਵਾਦੀ ਹਰਪ੍ਰੀਤ ਸਿੰਘ ਉਰਫ ਹੈਪੀ ਪਸਿਆਣਾ ਪਿੰਡ ਰਮਦਾਸ ਦਾ ਰਹਿਣ ਵਾਲਾ ਹੈ। ਉਹ ਇਸ ਸਮੇਂ ਅਮਰੀਕਾ ਵਿਚ ਬੈਠਾ ਹੈ ਅਤੇ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਹਰਵਿੰਦਰ ਰਿੰਦਾ ਅਤੇ ਸ਼ਮਸੇਰ ਨਾਲ ਸਿੱਧਾ ਸੰਪਰਕ ਰੱਖਦਾ ਹੈ। 8 ਜੁਲਾਈ ਨੂੰ ਵੀ ਬੀਕੇਆਈ ਦੇ ਇੱਕ ਅੱਤਵਾਦੀ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਦੋ ਮਹੀਨੇ ਪਹਿਲਾਂ ਵੀ ਐਸਐਸਓਸੀ ਨੇ ਅੰਮ੍ਰਿਤਸਰ ਤੋਂ ਬੀਕੇਆਈ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ।