ਮਹਾਰਾਸ਼ਟਰ ਵਿੱਚ ਚੋਣ ਵਰ੍ਹਾ ਨੇੜੇ ਆਉਂਦੇ ਹੀ, ਸ਼ਿੰਦੇ ਸਰਕਾਰ ਨੇ ਬੇਰੁਜ਼ਗਾਰ ਨੌਜਵਾਨਾਂ ਲਈ ਖਜ਼ਾਨਾ ਖੋਲ੍ਹ ਦਿੱਤਾ ਹੈ। ਲਾਡਲੀ ਬੇਹਨਾ ਯੋਜਨਾ ਦੀ ਤਰਜ਼ ‘ਤੇ, ਹੁਣ ਲਾਡਲਾ ਭਾਈ ਯੋਜਨਾ ਤਹਿਤ ਹਰ ਮਹੀਨੇ 10,000 ਰੁਪਏ ਤੱਕ ਦਾ ਲਾਭ ਮਿਲੇਗਾ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਪੰਢਰਪੁਰ ਦੇ ਵਿੱਠਲ ਮੰਦਰ ‘ਚ ਮਹਾਪੂਜਾ ਤੋਂ ਬਾਅਦ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ। ਸੀਐੱਮ ਸ਼ਿੰਦੇ ਨੇ ਕਿਹਾ ਕਿ ‘ਲਾਡਲਾ ਭਾਈ ਯੋਜਨਾ’ ਤਹਿਤ ਮਹਾਰਾਸ਼ਟਰ ਸਰਕਾਰ 12ਵੀਂ ਪਾਸ ਨੌਜਵਾਨਾਂ ਨੂੰ 6000 ਰੁਪਏ, ਡਿਪਲੋਮਾ ਧਾਰਕਾਂ ਨੂੰ 8000 ਰੁਪਏ ਅਤੇ ਗ੍ਰੈਜੂਏਟ ਨੂੰ 10,000 ਰੁਪਏ ਹਰ ਮਹੀਨੇ ਦੇਵੇਗੀ।
ਇਸ ਯੋਜਨਾ ਦਾ ਐਲਾਨ ਕਰਦੇ ਹੋਏ ਸੀਐੱਮ ਸ਼ਿੰਦੇ ਨੇ ਕਿਹਾ ਕਿ ‘ਲਾਡਲਾ ਭਾਈ ਯੋਜਨਾ’ ਯੋਜਨਾ ਦੇ ਤਹਿਤ ਸਾਡੀ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਫੈਕਟਰੀਆਂ ਵਿੱਚ ਅਪ੍ਰੈਂਟਿਸਸ਼ਿਪ ਕਰਨ ਲਈ ਪੈਸੇ ਦੇਣ ਜਾ ਰਹੀ ਹੈ ਜਿੱਥੇ ਉਹ ਕੰਮ ਕਰਨਗੇ। ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਨੇ ਅਜਿਹੀ ਸਕੀਮ ਪੇਸ਼ ਕੀਤੀ ਹੈ, ਇਸ ਸਕੀਮ ਰਾਹੀਂ ਅਸੀਂ ਬੇਰੁਜ਼ਗਾਰੀ ਦਾ ਹੱਲ ਲੱਭਿਆ ਹੈ।
ਦਸ ਦੇਈਏ ਕਿ ਮਹਾਰਾਸ਼ਟਰ ਵਿੱਚ ਵਿਰੋਧੀ ਧਿਰ ਲੰਬੇ ਸਮੇਂ ਤੋਂ ਨੌਜਵਾਨਾਂ ਵਿੱਚ ਵਧਦੀ ਬੇਰੁਜ਼ਗਾਰੀ ਦਾ ਮੁੱਦਾ ਚੁੱਕ ਰਹੀ ਹੈ। ਸ਼ਿੰਦੇ ਸਰਕਾਰ ਨੇ ਇਕ ਤਰ੍ਹਾਂ ਨਾਲ ਨੌਜਵਾਨਾਂ ਲਈ ਆਰਥਿਕ ਮਦਦ ਦਾ ਐਲਾਨ ਕਰਕੇ ਵਿਰੋਧੀਆਂ ਨੂੰ ਜਵਾਬ ਦਿੱਤਾ ਹੈ। ਸੀਐੱਮ ਏਕਨਾਥ ਸ਼ਿੰਦੇ ਦੇ ਇਸ ਐਲਾਨ ਨੂੰ ਇਸ ਸਾਲ ਹੋਣ ਵਾਲੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨਾਲ ਵੀ ਜੋੜਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਸਰਕਾਰ ਨੇ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਇਹ ਐਲਾਨ ਕਰਕੇ ਕਈ ਵਰਗਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਹੈ।