ਵਿਧਾਇਕਾਂ ਦੀ ਲੱਗੇਗੀ ਕਲਾਸ! CM ਮਾਨ ਨੇ ਸੱਦੀ ਹਾਈ ਲੇਵਲ ਮੀਟਿੰਗ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨਾਂ ਦੇ ਜਲੰਧਰ ਦੌਰੇ ‘ਤੇ ਗਏ ਹਨ। ਅੱਜ ਉਹਨਾਂ ਦਾ ਜਲੰਧਰ ਵਿੱਚ ਆਖਰੀ ਦਿਨ ਹੈ। ਅੱਜ ਸੀਐਮ ਭਗਵੰਤ ਮਾਨ ਨੇ ਮਾਝੇ ਅਤੇ ਦੁਆਬੇ ਦੇ ਵਿਧਾਇਕਾਂ ਸਮੇਤ ਸਾਰੇ ਜਿਲ੍ਹਿਆਂ ਦੇ ਅਫ਼ਸਰਾਂ ਦੀ ਮੀਟਿੰਗ ਸੱਦ ਲਈ ਹੈ। ਇਸ ਬੈਠਕ ‘ਚ ਸਾਰੇ DC, CP, SSP ਤੇ ਕਾਰਪੋਰੇਸ਼ਨ ਕਮਿਸ਼ਨਰ ਵੀ ਸ਼ਾਮਲ ਹੋਣਗੇ।

ਦਸ ਦੇਈਏ ਕਿ ਇਸ ਮੀਟਿੰਗ ਵਿੱਚ ਇਲਾਕੇ ਦੇ  ਵਿਕਾਸ ਕਾਰਜਾਂ ਤੇ ਅਗਲੇ ਰੋਡਮੈਪ ਨੂੰ ਲੈਕੇ ਚਰਚਾ ਹੋਵੇਗੀ। ਇਸ ਤੋਂ ਇਲਾਵਾ ਵਿਧਾਇਕਾਂ ਨਾਲ ਮੀਟਿੰਗ ਦੌਰਾਨ ਪੰਚਾਇਤੀ ਚੋਣਾਂ ਦਾ ਮੁੱਦਾ ਵੀ ਉਠਾਇਆ ਜਾ ਸਕਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ ਜਲੰਧਰ ਪਹੁੰਚੇ ਸਨ। ਮਾਨ ਨੇ ਜ਼ਿਮਨੀ ਚੋਣ ਤੋਂ ਪਹਿਲਾਂ ਦੋਆਬਾ ਅਤੇ ਮਾਝਾ ਖੇਤਰ ਦੇ ਲੋਕਾਂ ਦੀ ਸਹੂਲਤ ਲਈ ਜਲੰਧਰ ਵਿੱਚ ਦਫ਼ਤਰ ਖੋਲ੍ਹਿਆ ਅਤੇ ਚੋਣਾਂ ਤੋਂ ਬਾਅਦ ਵੀ ਦਫ਼ਤਰ ਰੱਖਣ ਦਾ ਵਾਅਦਾ ਕੀਤਾ। ਇਸ ਲਈ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਮਾਨ ਹਫ਼ਤੇ ਵਿੱਚ ਦੋ ਦਿਨ ਜਲੰਧਰ ਵਿੱਚ ਰਹਿਣਗੇ, ਜਿੱਥੇ ਉਹ ਦੋਆਬਾ ਅਤੇ ਮਾਝਾ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਗੇ।

ਪਹਿਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ‘ਚ ‘ਆਪ’ ਵਲੰਟੀਅਰਾਂ ਅਤੇ ਵਰਕਰਾਂ ਨਾਲ ਲੰਚ ਕੀਤਾ ਅਤੇ ਉਨ੍ਹਾਂ ਨੂੰ ਜਲੰਧਰ ਪੱਛਮੀ ਜ਼ਿਮਨੀ ਚੋਣ ‘ਚ ਇਤਿਹਾਸਕ ਜਿੱਤ ਲਈ ਵਧਾਈ ਦਿੱਤੀ। ਮਾਨ ਨੇ ਕਿਹਾ ਕਿ ਇਹ ਜਿੱਤ ‘ਆਪ’ ਦੇ ਮਿਹਨਤੀ ਵਲੰਟੀਅਰਾਂ ਦੀ ਹੈ, ਜਿਨ੍ਹਾਂ ਨੇ ਜਲੰਧਰ ਪੱਛਮੀ ਦੇ ਘਰ-ਘਰ ਜਾ ਕੇ ਲੋਕਾਂ ਨੂੰ ‘ਆਪ’ ਸਰਕਾਰ ਦੇ ਲੋਕ ਭਲਾਈ ਕੰਮਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਤਰਫ਼ੋਂ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜੇਲ੍ਹ ਵਿੱਚ ਆਪਣੇ ਵਲੰਟੀਅਰਾਂ ਦੀ ਇਸ ਕਾਮਯਾਬੀ ਦਾ ਜਸ਼ਨ ਮਨਾਇਆ।

ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਵਲੰਟੀਅਰਾਂ ਨੂੰ ਇੱਕਜੁੱਟ ਰਹਿਣ ਅਤੇ ‘ਰੰਗਲਾ ਪੰਜਾਬ’ ਲਈ ਕੰਮ ਕਰਦੇ ਰਹਿਣ ਦੀ ਅਪੀਲ ਕੀਤੀ। ਮਾਨ ਨੇ ਕਿਹਾ ਕਿ ‘ਆਪ’ ਭਾਰਤ ਦੀ ਸਭ ਤੋਂ ਨੌਜਵਾਨ ਪਰ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਸਿਆਸੀ ਪਾਰਟੀ ਹੈ ਅਤੇ ਸਿਰਫ਼ 10 ਸਾਲਾਂ ‘ਚ ਹੀ ਸਾਡੀ ਦੋ ਰਾਜਾਂ ‘ਚ ਸਰਕਾਰ ਹੈ, 10 ਰਾਜ ਸਭਾ ਮੈਂਬਰ, 3 ਲੋਕ ਸਭਾ ਮੈਂਬਰ, ਚੰਡੀਗੜ੍ਹ ‘ਚ ਮੇਅਰ, ਐਮਪੀ ‘ਚ ਮੇਅਰ ,ਗੁਜਰਾਤ ‘ਚ 5 ਵਿਧਾਇਕ ਅਤੇ ਗੋਆ ਵਿੱਚ ਦੋ ਵਿਧਾਇਕ ਹਨ। ਮਾਨ ਨੇ ਕਿਹਾ ਕਿ ਸਾਡੇ ਮੁਕਾਬਲੇ ਸੌ ਸਾਲ ਪੁਰਾਣੀਆਂ ਪਾਰਟੀਆਂ ਨਾਲ ਹਨ ਪਰ ਸਾਡੇ ਕੋਲ ਸਭ ਤੋਂ ਉੱਨਤ ਅਤੇ ਸਿਖਲਾਈ ਪ੍ਰਾਪਤ ਵਲੰਟੀਅਰ ਹਨ ਜੋ ਆਮ ਲੋਕਾਂ ਲਈ ਕੰਮ ਕਰਨਾ ਜਾਣਦੇ ਹਨ।

Advertisement