ਬਠਿੰਡਾ ਦੇ ਹਵਾਈ ਅੱਡੇ ਨੂੰ ਕੌਮਾਂਤਰੀ ਹਵਾਈ ਅੱਡਾ ਬਣਾਇਆ ਜਾਵੇ- ਹਰਸਿਮਰਤ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮਮੋਹਨ ਨਾਇਡੂ ਨੂੰ ਅਪੀਲ ਕੀਤੀ ਕਿ ਬਠਿੰਡਾ ਹਵਾਈ ਅੱਡੇ ਨੂੰ ਕੌਮਾਂਤਰੀ ਹਵਾਈ ਅੱਡੇ ਵਿਚ ਬਦਲਿਆ ਜਾਵੇ ਅਤੇ ਬਠਿੰਡਾ ਤੋਂ ਕੈਨੇਡਾ ਲਈ ਕੌਮਾਂਤਰੀ ਫਲਾਈਟਾਂ ਸ਼ੁਰੂ ਕੀਤੀਆਂ ਜਾਣ ਤਾਂ ਜੋ ਇਥੋਂ ਜਾਣ ਵਾਲੇ ਕੌਮਾਂਤਰੀ ਵਿਦਿਆਰਥੀ ਅਤੇ ਦੋਵਾਂ ਥਾਵਾਂ ਵਿਚਾਲੇ ਸਫਰ ਕਰਨ ਵਾਲੇ ਪਰਿਵਾਰਾਂ ਨੂੰ ਇਸਦਾ ਲਾਹਾ ਮਿਲ ਸਕੇ।

ਬਠਿੰਡਾ ਦੇ ਐਮ ਪੀ ਨੇ ਨੇ ਦਿੱਲੀ-ਬਠਿੰਡਾ ਅਲਾਇੰਸ ਏਅਰ ਫਲਾਈਟ ਬੋਇੰਡ ਜਹਾਜ਼ ਦੀ ਵਰਤੋਂ ਕਰਦਿਆਂ ਰੋਜ਼ਾਨਾ ਕਰਨ ਦੀ ਮੰਗ ਕੀਤੀ ਤੇ ਨਾਲ ਹੀ ਉਡਾਣ ਸਕੀਮ ਤਹਿਤ ਖੇਤਰੀ ਕਨੈਕਟੀਵਿਟੀ ਨੂੰ ਉਤਸ਼ਾਹਿਤ ਕਰਨ ਦੀ ਵੀ ਮੰਗ ਕੀਤੀ। ਉਹਨਾਂ ਨੇ ਸਿੱਖਾਂ ਦੇ ਦੋ ਪਵਿੱਤਰ ਤਖਤਾਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਤਖਤ ਸ੍ਰੀ ਪਟਨਾ ਸਾਹਿਬ ਵਿਚਾਲੇ ਫਲਾਈਟਾਂ ਦੀ ਵੀ ਮੰਗ ਕੀਤੀ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਠਿੰਡਾ ਅਜਿਹੀ ਥਾਂ ਹੈ ਜੋ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਅੱਠ ਜ਼ਿਲ੍ਹਿਆਂ ਦੇ ਨਾਲ ਲੱਗਦਾ ਹੈ ਜਿਸਦੇ ਇਕ ਪਾਸੇ ਹਰਿਆਣਾ ਵਿਚ ਸਿਰਸਾ ਤੋਂ ਲੈ ਕੇ ਰਾਜਸਥਾਨ ਵਿਚ ਸ੍ਰੀ ਗੰਗਾਨਗਰ ਪੈਂਦਾ ਹੈ ਜਦੋਂ ਕਿ ਪੰਜਾਬ ਦੇ ਸੰਗਰੂਰ, ਮਾਨਸਾ, ਫਿਰੋਜ਼ਪੁਰ ਤੇ ਫਰੀਦਕੋਟ ਜ਼ਿਲ੍ਹੇ ਵੀ ਇਸਦੇ ਨਾਲ ਲੱਗਵੇਂ ਹਨ।

ਉਹਨਾਂ ਕਿਹਾ ਕਿ ਬਠਿੰਡਾ ਦੀ ਅਹਿਮੀਅਤ ਇਸਦੀ ਭੂਗੌਲਿਕ ਸਥਿਤੀ ਨਾਲੋਂ ਕਿਤੇ ਜ਼ਿਆਦਾ ਹੈ ਕਿਉਂਕਿ ਇਸੇ ਦੁਆਲੇ ਏਸ਼ੀਆ ਦੀ ਸਭ ਤੋਂ ਵੱਡੀ ਫੌਜੀ ਛਾਉਣੀ, ਹਵਾਈ ਫੌਜ ਸਟੇਸ਼ਨ, ਇਕ ਕੇਂਦਰੀ ਸਟੇਸ਼ਨ, ਇਕ ਵੱਡੀ ਤੇਲ ਰਿਫਾਇਨਰੀ, ਤਿੰਨ ਥਰਮਲ ਪਲਾਂਟ ਤੇ ਸਿੱਖਾਂ ਦਾ ਇਕ ਤਖਤ-ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵੀ ਸਥਿਤ ਹੈ। ਉਹਨਾਂ ਕਿਹਾ ਕਿ ਇਸ ਦੇ ਆਲੇ ਦੁਆਲੇ 300 ਕਿਲੋਮੀਟਰ ਤੱਕ ਕੋਈ ਹਵਾਈ ਅੱਡਾ ਨਹੀਂ ਹੈ। ਉਹਨਾਂ ਕਿਹਾ ਕਿ ਸ਼ਹਿਰ ਦੇ ਹਵਾਈ ਅੱਡੇ ਨੂੰ ਕੌਮਾਂਤਰੀ ਹਵਾਈ ਅੱਡੇ ਵਿਚ ਤਬਦੀਲ ਕਰਨ ਦਾ ਢੁਕਵਾਂ ਕੇਸ ਬਣਦਾ ਹੈ। ਉਹਨਾਂ ਕਿਹਾ ਕਿ ਅੱਠ ਜ਼ਿਲ੍ਹਿਆਂ ਦੇ ਵੱਡੀ ਗਿਣਤੀ ਵਿਚ ਵਿਦਿਆਰਥੀ ਕੈਨੇਡਾ ਪੜ੍ਹਦੇ ਹਨ, ਇਸ ਲਈ ਕੈਨੇਡਾ ਲਈ ਬਠਿੰਡਾ ਤੋਂ ਸਿੱਧੀਆਂ ਫਲਾਈਟਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। 

Advertisement