‘ਵਿਨੇਸ਼ ਫੋਗਾਟ, ਤੁਸੀਂ ਭਾਰਤ ਦਾ ਮਾਨ ਹੋ’, PM MODI ਨੇ ਵਧਾਇਆ ਹੌਂਸਲਾ

ਪੈਰਿਸ ਓਲੰਪਿਕ 2024 ਦੇ 12ਵੇਂ ਦਿਨ ਭਾਰਤ ਲਈ ਨਿਰਾਸ਼ਾਜਨਕ ਖਬਰ ਸਾਹਮਣੇ ਆਈ ਹੈ। ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ, ਜਿਸ ਨੇ ਮਹਿਲਾ ਫ੍ਰੀਸਟਾਈਲ 50 ਕਿਲੋਗ੍ਰਾਮ ਵਿੱਚ ਥਾਂ ਪੱਕੀ ਕੀਤੀ ਸੀ, ਉਸ ਦਾ ਤਗ਼ਮਾ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ। ਬੁੱਧਵਾਰ ਸਵੇਰੇ ਸੋਨ ਤਗਮੇ ਦੇ ਮੈਚ ਤੋਂ ਪਹਿਲਾਂ ਵਜ਼ਨ ਦੌਰਾਨ ਉਸ ਦਾ ਭਾਰ 100 ਗ੍ਰਾਮ ਵੱਧ ਪਾਇਆ ਗਿਆ। ਅਜਿਹੇ ‘ਚ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਦੁੱਖ ਦੀ ਘੜੀ ਵਿੱਚ ਪੂਰਾ ਦੇਸ਼ ਵਿਨੇਸ਼ ਦੇ ਨਾਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਿਨੇਸ਼ ਦਾ ਹੌਸਲਾ ਵਧਾਇਆ ਹੈ।

ਪੀਐੱਮ ਮੋਦੀ ਨੇ ਲਿਖਿਆ, ਵਿਨੇਸ਼, ਤੁਸੀਂ ਚੈਂਪੀਅਨਜ਼ ਦੇ ਚੈਂਪੀਅਨ ਹੋ! ਤੁਸੀਂ ਭਾਰਤ ਦਾ ਮਾਣ ਹੋ ਅਤੇ ਹਰ ਭਾਰਤੀ ਲਈ ਪ੍ਰੇਰਣਾ ਹੋ। ਅੱਜ ਦਾ ਸਦਮਾ ਦੁੱਖ ਦਿੰਦਾ ਹੈ। ਮੈਂ ਚਾਹੁੰਦਾ ਹਾਂ ਕਿ ਸ਼ਬਦ ਉਸ ਨਿਰਾਸ਼ਾ ਦੀ ਭਾਵਨਾ ਨੂੰ ਪ੍ਰਗਟ ਕਰ ਸਕਣ ਜੋ ਮੈਂ ਅਨੁਭਵ ਕਰ ਰਿਹਾ ਹਾਂ. ਨਾਲ ਹੀ, ਮੈਂ ਜਾਣਦਾ ਹਾਂ ਕਿ ਤੁਸੀਂ ਲਚਕੀਲੇਪਣ ਦਾ ਪ੍ਰਤੀਕ ਹੋ। ਚੁਣੌਤੀਆਂ ਦਾ ਦਲੇਰੀ ਨਾਲ ਸਾਹਮਣਾ ਕਰਨਾ ਹਮੇਸ਼ਾ ਤੁਹਾਡਾ ਸੁਭਾਅ ਰਿਹਾ ਹੈ। ਮਜ਼ਬੂਤੀ ਨਾਲ ਵਾਪਸ ਆਓ! ਅਸੀਂ ਸਾਰੇ ਤੁਹਾਡੇ ਨਾਲ ਹਾਂ।

ਤੁਹਾਨੂੰ ਦਸ ਦੇਈਏ ਕਿ ਭਾਰ ਵਧਣ ਕਰਕੇ ਪੈਰਿਸ ਓਲੰਪਿਕ 2024 ਤੋਂ ਅਯੋਗ ਹੋਣ ਦਾ ਦੁੱਖ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਬਰਦਾਸ਼ਤ ਨਹੀਂ ਕਰ ਸਕੀ। ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਸਰੀਰ ‘ਚ ਡੀਹਾਈਡ੍ਰੇਸ਼ਨ ਕਾਰਨ ਵਿਨੇਸ਼ ਹਸਪਤਾਲ ‘ਚ ਭਰਤੀ ਹੈ। ਵਿਨੇਸ਼ ਦੇ ਹਸਪਤਾਲ ‘ਚ ਭਰਤੀ ਹੋਣ ਦੀ ਖਬਰ ਤੋਂ ਬਾਅਦ ਪੀਟੀ ਊਸ਼ਾ ਅਤੇ ਭਾਰਤੀ ਅਧਿਕਾਰੀਆਂ ਦੀ ਟੀਮ ਉਸ ਨੂੰ ਮਿਲਣ ਲਈ ਹਸਪਤਾਲ ਪਹੁੰਚ ਰਹੀ ਹੈ। ਇਹ ਜਾਣਕਾਰੀ ਚੰਡੀਗੜ੍ਹ ਇੰਸਟੀਚਿਊਟ ਆਫ ਜਾਗਰਣ ਨਿਊ ਮੀਡੀਆ ਦੇ ਪੱਤਰਕਾਰ ਨੇ ਦਿੱਤੀ।

Advertisement