ਭਾਰਤ ਵਿੱਚ ਜਿਆਦਾਤਰ ਲੋਕਾਂ ਦੀ ਸਵੇਰ ਦੀ ਸ਼ੁਰੂਆਤ ਚਾਹ ਤੋਂ ਬਿਨਾਂ ਨਹੀਂ ਹੁੰਦੀ। ਚਾਹ ਸਭ ਤੋਂ ਪਸੰਦੀਦਾ ਪੀਣ ਵਾਲੇ ਪਦਾਰਥਾਂ ਵਿੱਚੋਂ ਇੱਕ ਹੈ। ਪਰ ਲੋਕ ਚਾਹ ਦੇ ਨਾਲ ਸਮੋਸੇ, ਨਮਕੀਨ, ਬਿਸਕੁਟ ਅਤੇ ਪਕੌੜੇ ਵਰਗੀਆਂ ਚੀਜ਼ਾਂ ਖਾਣਾ ਪਸੰਦ ਕਰਦੇ ਹਨ। ਚਾਹ ਦੇ ਨਾਲ ਇਹ ਸਨੈਕਸ ਖਾਣ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ।
ਕਲੀਨਿਕਲ ਡਾਇਟੀਸ਼ੀਅਨ ਆਂਚਲ ਸ਼ਰਮਾ ਦਾ ਕਹਿਣਾ ਹੈ ਕਿ ਚਾਹ ਦੇ ਨਾਲ ਤੁਸੀਂ ਚਾਹੇ ਕੋਈ ਵੀ ਸਨੈਕਸ ਖਾ ਰਹੇ ਹੋਵੋ, ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇਨ੍ਹਾਂ ਨੂੰ ਖਾਣਾ ਸੁਰੱਖਿਅਤ ਹੈ ਜਾਂ ਨਹੀਂ। ਅਸੀਂ ਅਕਸਰ ਚਾਹ ਦੇ ਨਾਲ ਬਹੁਤ ਜ਼ਿਆਦਾ ਤੇਲਯੁਕਤ ਭੋਜਨ ਖਾਂਦੇ ਹਾਂ, ਜੋ ਬਾਅਦ ਵਿੱਚ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਚਾਹ ਦੇ ਨਾਲ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ।
ਚਾਹ ਦੇ ਨਾਲ ਉਹ ਚੀਜ਼ਾਂ ਨਾ ਖਾਓ, ਜਿਨ੍ਹਾਂ ‘ਚ ਆਇਰਨ ਦੀ ਮਾਤਰਾ ਜ਼ਿਆਦਾ ਹੋਵੇ। ਮਾਹਿਰਾਂ ਦਾ ਕਹਿਣਾ ਹੈ ਕਿ ਚਾਹ ‘ਚ ਆਕਸਲੇਟ ਹੁੰਦਾ ਹੈ ਜੋ ਆਇਰਨ ਨਾਲ ਭਰਪੂਰ ਭੋਜਨਾਂ ‘ਚੋਂ ਆਇਰਨ ਨੂੰ ਸੋਖਣ ਤੋਂ ਰੋਕਦਾ ਹੈ, ਇਸ ਲਈ ਚਾਹ ਦੇ ਨਾਲ ਉਹ ਚੀਜ਼ਾਂ ਨਾ ਖਾਓ, ਜਿਨ੍ਹਾਂ ‘ਚ ਆਇਰਨ ਹੁੰਦਾ ਹੈ।
ਚਾਹ ਇੱਕ ਗਰਮ ਡ੍ਰਿੰਕ ਹੈ, ਜਦੋਂ ਕਿ ਦਹੀਂ ਦਾ ਪ੍ਰਭਾਵ ਠੰਡਾ ਹੁੰਦਾ ਹੈ। ਜੇਕਰ ਤੁਸੀਂ ਚਾਹ ਦੇ ਨਾਲ ਦਹੀਂ ਤੋਂ ਬਣੇ ਸਨੈਕਸ ਖਾਂਦੇ ਹੋ ਤਾਂ ਇਹ ਤੁਹਾਡੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਕਾਰਨ ਤੁਹਾਨੂੰ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।
ਅਜਿਹੇ ‘ਚ ਜੇਕਰ ਤੁਸੀਂ ਚਾਹ ਦੇ ਨਾਲ ਪਰਾਠਾ ਖਾ ਰਹੇ ਹੋ ਤਾਂ ਦਹੀਂ ਤੋਂ ਦੂਰੀ ਬਣਾ ਕੇ ਰੱਖੋ ਹਾਲਾਂਕਿ ਮਾਹਿਰ ਇਹ ਵੀ ਕਹਿੰਦੇ ਹਨ ਕਿ ਜਿਆਦਾ ਚਾਹ ਜਾਂ ਕੌਫੀ ਵਰਗੇ ਪੀਣ ਵਾਲੇ ਪਦਾਰਥਾਂ ਤੋਂ ਦੂਰੀ ਬਣਾ ਕੇ ਰੱਖੋ। ਇਹ ਇਨਸੌਮਨੀਆ ਦਾ ਕਾਰਨ ਬਣ ਸਕਦੇ ਹਨ।
ਜਿਵੇਂ ਹੀ ਮੀਂਹ ਪੈਂਦਾ ਹੈ, ਲੋਕ ਗਰਮ ਚਾਹ ਦੇ ਨਾਲ ਪਕੌੜੇ ਜਾਂ ਸਮੋਸੇ ਖਾਂਦੇ ਹਨ। ਇਨ੍ਹਾਂ ‘ਚ ਤੇਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਕਿਉਂਕਿ ਇਹ ਤੇਲ ਵਿੱਚ ਡੀਪ ਫਰਾਈ ਹੋਏ ਹੁੰਦੇ ਹਨ। ਇਸ ਲਈ ਇਹ ਸਿਹਤ ਲਈ ਹਾਨੀਕਾਰਕ ਹੈ। ਜੇਕਰ ਤੁਹਾਨੂੰ ਵੀ ਚਾਹ ਦੇ ਨਾਲ ਇਹ ਚੀਜ਼ਾਂ ਖਾਣ ਦੀ ਆਦਤ ਹੈ ਤਾਂ ਹੁਣ ਤੋਂ ਇਸ ਆਦਤ ਨੂੰ ਬਦਲ ਦਿਓ।