26/11 ਅੱਤਵਾਦੀ ਹਮਲੇ ਵਿੱਚ ਸ਼ਾਮਲ ਪਾਕਿਸਤਾਨੀ ਕਾਰੋਬਾਰੀ ਤਹੱਵੁਰ ਰਾਣਾ ਨੂੰ ਅਮਰੀਕਾ ਤੋਂ ਝਟਕਾ

ਮੁੰਬਈ ਅੱਤਵਾਦੀ ਹਮਲੇ ਚ ਸ਼ਾਮਲ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਹੁਸੈਨ ਰਾਣਾ ਨੂੰ ਅਮਰੀਕਾ ਦੀ ਇਕ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। ਕੈਲੀਫੋਰਨੀਆ ਦੀ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਹੁਸੈਨ ਨੂੰ ਦੋਵਾਂ ਦੇਸ਼ਾਂ ਵਿਚਾਲੇ ਹਵਾਲਗੀ ਸੰਧੀ ਤਹਿਤ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ।

ਅਮਰੀਕੀ ਅਪੀਲੀ ਅਦਾਲਤ ਨੇ ਵੀਰਵਾਰ ਨੂੰ ਆਪਣੇ ਫੈਸਲੇ ‘ਚ ਕਿਹਾ, ”ਰਾਣਾ ਨੂੰ ਭਾਰਤ-ਅਮਰੀਕਾ ਹਵਾਲਗੀ ਸੰਧੀ ਦੇ ਤਹਿਤ ਹਵਾਲਗੀ ਦੀ ਇਜਾਜ਼ਤ ਹੈ।” 63 ਸਾਲਾ ਰਾਣਾ ਨੇ ਕੈਲੀਫੋਰਨੀਆ ਦੇ ਕੇਂਦਰੀ ਜ਼ਿਲ੍ਹਾ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਯੂਐੱਸ ਕੋਰਟ ਆਫ ਅਪੀਲ ‘ਚ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਨੇ ਹੁਣ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਜ਼ਿਲ੍ਹਾ ਅਦਾਲਤ ਨੇ ਫੈਸਲਾ ਸੁਣਾਇਆ ਸੀ ਕਿ ਉਸ ਨੂੰ ਅੱਤਵਾਦੀ ਹਮਲਿਆਂ ਵਿਚ ਕਥਿਤ ਸ਼ਮੂਲੀਅਤ ਲਈ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ।

ਰਾਣਾ ਜੋ ਵਰਤਮਾਨ ਵਿੱਚ ਲਾਸ ਏਂਜਲਸ ਦੀ ਜੇਲ੍ਹ ਵਿੱਚ ਬੰਦ ਹੈ, 26/11 ਦੇ ਮੁੰਬਈ ਹਮਲਿਆਂ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਤੇ ਮੰਨਿਆ ਜਾਂਦਾ ਹੈ ਕਿ ਉਸ ਦੇ ਪਾਕਿਸਤਾਨੀ-ਅਮਰੀਕੀ ਲਸ਼ਕਰ-ਏ-ਤੋਇਬਾ (ਐਲਈਟੀ) ਦੇ ਅੱਤਵਾਦੀ ਡੇਵਿਡ ਕੋਲਮੈਨ ਹੈਡਲੀ ਨਾਲ ਸਬੰਧ ਹਨ। ਹੈਡਲੀ ਨੂੰ ਕਈ ਅੱਤਵਾਦੀ ਘਟਨਾਵਾਂ ਦਾ ਮੁੱਖ ਸਾਜ਼ਿਸ਼ਕਰਤਾ ਮੰਨਿਆ ਜਾਂਦਾ ਹੈ।

ਹਵਾਲਗੀ ਦੇ ਹੁਕਮਾਂ ਦੀ ਹੇਬੀਅਸ ਕਾਰਪਸ ਸਮੀਖਿਆ ਦੇ ਸੀਮਤ ਦਾਇਰੇ ਦੇ ਤਹਿਤ, ਪੈਨਲ ਨੇ ਮੰਨਿਆ ਕਿ ਰਾਣਾ ਦਾ ਕਥਿਤ ਅਪਰਾਧ ਅਮਰੀਕਾ ਅਤੇ ਭਾਰਤ ਵਿਚਕਾਰ ਹਵਾਲਗੀ ਸੰਧੀ ਦੀਆਂ ਸ਼ਰਤਾਂ ਦੇ ਅੰਦਰ ਆਉਂਦਾ ਹੈ, ਜਿਸ ਵਿੱਚ ਹਵਾਲਗੀ ਲਈ ਗੈਰ ਬਿਸ (ਦੋਹਰਾ ਖ਼ਤਰਾ) ਅਪਵਾਦ ਸ਼ਾਮਲ ਹੈ।

Advertisement