ਗਿੱਦੜਬਾਹਾ ਤੋਂ ਸੀਨੀਅਰ ਆਗੂ, ਹਲਕਾ ਇੰਚਾਰਜ ਅਤੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਏ ਸੁਖਬੀਰ ਬਾਦਲ ਦੇ ਕਰੀਬੀ ਹਰਦੀਪ ਸਿੰਘ ਡਿੰਪੀ ਢਿੱਲੋਂ ਅੱਜ (ਸੋਮਵਾਰ) ਨੂੰ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰ ਸਕਦੇ ਹਨ। ਉਨ੍ਹਾਂ ਨੇ ਸਵੇਰੇ 11 ਵਜੇ ਆਪਣੇ ਸਮਰਥਕਾਂ ਦੀ ਮੀਟਿੰਗ ਬੁਲਾਈ ਹੈ। ਦੂਜੇ ਪਾਸੇ ਡਿੰਪੀ ਵੱਲੋਂ ਪਾਰਟੀ ਛੱਡਣ ਕਰਕੇ ਪੈਦਾ ਹੋਏ ਹਾਲਾਤ ਦਰਮਿਆਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੋਰਚਾ ਸਾਂਭ ਲਿਆ ਹੈ। ਉਨ੍ਹਾਂ ਅੱਜ ਆਪਣੀ ਰਿਹਾਇਸ਼ ’ਤੇ ਗਿੱਦੜਬਾਹਾ ਦੇ ਅਕਾਲੀ ਆਗੂਆਂ ਦੀ ਮੀਟਿੰਗ ਸੱਦੀ ਹੈ।
ਡਿੰਪੀ ਦਾ ਕਹਿਣਾ ਹੈ ਕਿ ਉਹ ਮਨਪ੍ਰੀਤ ਬਾਦਲ ਕਰਕੇ ਉਨ੍ਹਾਂ ਦੀ ਬਲੀ ਦਿੱਤੀ ਗਈ ਹੈ। ਸਾਡੇ ਵਰਗੇ ਤਾਂ ਸਿਰਫ ਵਰਤਣ ਲਈ ਹੁੰਦੇ ਹਨ। ਦੂਜੇ ਪਾਸੇ ਅਕਾਲੀ ਆਗੂਆਂ ਨੇ ਡਿੰਪੀ ਢਿੱਲੋਂ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਉੱਥੇ ਹੀ ਇਸ ਮਾਮਲੇ ਸਬੰਧੀ ਅਕਾਲੀ ਆਗੂ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਦੀ ਡਿਊਟੀ ਵੀ ਗਿੱਦੜਬਾਹਾ ਹਲਕੇ ਵਿੱਚ ਜ਼ਿਮਨੀ ਚੋਣਾਂ ਲਈ ਲੱਗੀ ਹੋਈ ਸੀ। ਉੱਥੇ ਪਹੁੰਚਦਿਆਂ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਡਿੰਪੀ ਢਿੱਲੋਂ ਪਾਰਟੀ ਛੱਡਣ ਵਾਲੇ ਹਨ। ਡਿੰਪੀ ਨੇ ਇਸ ਦਾ ਕਾਰਨ ਮਨਪ੍ਰੀਤ ਸਿੰਘ ਬਾਦਲ ਨੂੰ ਦੱਸਿਆ ਸੀ। ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਜਦੋਂ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਵਿੱਚ ਸ਼ਾਮਲ ਨਹੀਂ ਹੋਏ ਤਾਂ ਉਨ੍ਹਾਂ ਨੂੰ ਪਾਰਟੀ ਟਿਕਟ ਕਿਵੇਂ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਪਾਰਟੀ ਦੇ ਸਮਰਥਕਾਂ ਨੂੰ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ।