ਭਾਰਤ ਵਿੱਚ ਸਿੱਖਾਂ ਦੀ ਸਥਿਤੀ ਨੂੰ ਲੈ ਕੇ ਰਾਹੁਲ ਗਾਂਧੀ ਨੇ ਅਮਰੀਕਾ ਵਿੱਚ ਬਿਆਨ ਦਿੱਤਾ ਹੈ। ਉਸ ਵਿਵਾਦਤ ਬਿਆਨ ਨੇ ਭਾਰਤ ਵਿੱਚ ਸਿਆਸੀ ਖਲਬਲੀ ਮਚਾ ਦਿੱਤੀ ਹੈ। ਜਿੱਥੇ ਭਾਜਪਾ ਇਸ ਮੁੱਦੇ ‘ਤੇ ਹਮਲੇ ਕਰ ਰਹੀ ਹੈ, ਉਥੇ ਹੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਨੇ ਰਾਹੁਲ ਦੇ ਬਿਆਨ ਨੂੰ ਸਹੀ ਠਹਿਰਾਇਆ ਹੈ।
ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਰਾਹੁਲ ਗਾਂਧੀ ਦੇ ਬਿਆਨ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਰਾਹੁਲ ਨੇ ਬਹੁਤ ਹੀ ਦਲੇਰਾਨਾ ਬਿਆਨ ਦਿੱਤਾ ਹੈ। ਉਨ੍ਹਾਂ ਦਾ ਇਹ ਬਿਆਨ ਸਿੱਖਸ ਫਾਰ ਜਸਟਿਸ (SFJ) ਦੀ ਵੱਖਰੇ ਖਾਲਿਸਤਾਨ ਦੇਸ਼ ਦੀ ਮੰਗ ਨੂੰ ਜਾਇਜ਼ ਠਹਿਰਾਉਂਦਾ ਹੈ। ਪੰਨੂ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਭਾਰਤ ਵਿੱਚ ਸਿੱਖਾਂ ਦੀ ਹਾਲਤ ਬਾਰੇ ਦਿੱਤਾ ਗਿਆ ਬਿਆਨ ਨਾ ਸਿਰਫ਼ ਦਲੇਰੀ ਭਰਿਆ ਹੈ ਸਗੋਂ ਭਾਰਤ ਵਿੱਚ 1947 ਤੋਂ ਸਿੱਖਾਂ ਉੱਤੇ ਹੋ ਰਹੇ ਅੱਤਿਆਚਾਰਾਂ ਨੂੰ ਵੀ ਦਰਸਾਉਂਦਾ ਹੈ। ਇਹ ਪੰਜਾਬ ਦੀ ਆਜ਼ਾਦੀ ਬਾਰੇ ਸਿੱਖਸ ਫਾਰ ਜਸਟਿਸ (SFJ) ਦੇ ਸਟੈਂਡ ਦੀ ਵੀ ਪੁਸ਼ਟੀ ਕਰਦਾ ਹੈ।
ਦਸ ਦੇਈਏ ਕਿ ਵਾਸ਼ਿੰਗਟਨ ਡੀਸੀ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿੱਚ ਲੜਾਈ ਇਹ ਹੈ ਕਿ ਕੀ ਸਿੱਖ ਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਹੋਵੇਗੀ, ਕੀ ਸਿੱਖ ਨੂੰ ਕੜਾ ਪਹਿਨਣ ਦੀ ਇਜਾਜ਼ਤ ਹੋਵੇਗੀ ਜਾਂ ਗੁਰਦੁਆਰੇ ਜਾਣ ਦੀ ਇਜਾਜ਼ਤ ਹੋਵੇਗੀ? ਉਨ੍ਹਾਂ ਕਿਹਾ ਕਿ ਇਹ ਲੜਾਈ ਸਿਰਫ਼ ਸਿੱਖਾਂ ਦੀ ਨਹੀਂ, ਸਗੋਂ ਸਾਰੇ ਧਰਮਾਂ ਦੀ ਹੈ।
ਜ਼ਿਕਰਯੋਗ ਹੈ ਕਿ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਲੰਬੇ ਸਮੇਂ ਤੋਂ ਵੱਖਰੇ ਖਾਲਿਸਤਾਨ ਦੇਸ਼ ਦੀ ਮੰਗ ਨੂੰ ਲੈ ਕੇ ਵਿਦੇਸ਼ਾਂ ‘ਚ ਪ੍ਰਚਾਰ ਕਰ ਰਿਹਾ ਹੈ। ਏਜੰਸੀਆਂ ਮੁਤਾਬਕ ਪੰਨੂ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੇ ਏਜੰਡੇ ਤਹਿਤ ਕੰਮ ਕਰਦਾ ਹੈ। ਭਾਰਤ ਵਿੱਚ ਵੀ ਪੰਨੂ ਨੇ ਵੱਖਰੇ ਖਾਲਿਸਤਾਨ ਦੇਸ਼ ਦੀ ਮੰਗ ਨੂੰ ਲੈ ਕੇ ਰਾਏਸ਼ੁਮਾਰੀ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਲਈ ਕੇਸ ਦਰਜ ਕੀਤਾ ਗਿਆ ਸੀ। ਐਨਆਈਏ ਨੇ ਪੰਨੂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੋਇਆ ਹੈ।