ਘਰੇਲੂ ਸ਼ੇਅਰ ਬਾਜ਼ਾਰ ‘ਚ ਅੱਜ ਕਾਰੋਬਾਰ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋਈ ਹੈ। ਗਲੋਬਲ ਸਿਗਨਲ ਮਜ਼ਬੂਤ ਹਨ ਅਤੇ ਅਮਰੀਕੀ ਬਾਜ਼ਾਰਾਂ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਦੇ ਆਧਾਰ ‘ਤੇ ਭਾਰਤੀ ਸ਼ੇਅਰ ਬਾਜ਼ਾਰ ਵੀ ਵੱਡੇ ਵਾਧੇ ਨਾਲ ਖੁੱਲ੍ਹੇ ਹਨ। ਅੱਜ ਵੀਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਜ਼ਬਰਦਸਤ ਤੇਜ਼ੀ ਨਾਲ ਹੋਈ ਹੈ। ਬੀਐਸਈ ਸੈਂਸੈਕਸ ਨੇ 407.02 ਅੰਕ ਜਾਂ 0.50 ਫੀਸਦੀ ਦੇ ਵਾਧੇ ਨਾਲ 81,930 ‘ਤੇ ਕਾਰੋਬਾਰ ਸ਼ੁਰੂ ਕੀਤਾ। ਇਸ ਤੋਂ ਇਲਾਵਾ ਐੱਨਐੱਸਈ ਦਾ ਨਿਫਟੀ 141.20 ਅੰਕ ਜਾਂ 0.57 ਫ਼ੀਸਦੀ ਦੇ ਭਾਰੀ ਵਾਧੇ ਨਾਲ 25,059 ‘ਤੇ ਖੁੱਲ੍ਹਿਆ।
ਸਟਾਕ ਮਾਰਕੀਟ ਦੀ ਪ੍ਰੀ-ਓਪਨਿੰਗ ‘ਚ ਹੀ ਅੱਜ ਬਾਜ਼ਾਰ ਲਈ ਸ਼ਾਨਦਾਰ ਸ਼ੁਰੂਆਤ ਦੇ ਸੰਕੇਤ ਮਿਲੇ ਹਨ ਅਤੇ ਬੀਐੱਸਈ ਦਾ ਸੈਂਸੈਕਸ 312.50 ਅੰਕ ਜਾਂ 0.38 ਫੀਸਦੀ ਦੇ ਵਾਧੇ ਨਾਲ 81835.66 ਦੇ ਪੱਧਰ ‘ਤੇ ਰਿਹਾ। ਜਦੋਂ ਕਿ NSE ਦਾ ਨਿਫਟੀ 117.70 ਅੰਕਾਂ ਦੇ ਵਾਧੇ ਨਾਲ 25036 ‘ਤੇ ਕਾਰੋਬਾਰ ਕਰ ਰਿਹਾ ਸੀ।
ਭਾਰਤੀ ਸ਼ੇਅਰ ਬਾਜ਼ਾਰ ‘ਚ ਅੱਜ ਈਵੀ ਨਾਲ ਜੁੜੇ ਸ਼ੇਅਰਾਂ ‘ਚ ਵਾਧਾ ਦੇਖਿਆ ਜਾ ਸਕਦਾ ਹੈ। ਬੁੱਧਵਾਰ ਨੂੰ ਕੇਂਦਰ ਸਰਕਾਰ ਨੇ ਈਵੀ ਯਾਨੀ ਇਲੈਕਟ੍ਰਿਕ ਵਹੀਕਲ ਲਈ 10,900 ਕਰੋੜ ਰੁਪਏ ਦੀ ਸਬਸਿਡੀ ਦਾ ਐਲਾਨ ਕੀਤਾ ਹੈ। ਇਸ ਘੋਸ਼ਣਾ ਤੋਂ ਬਾਅਦ, ਅੱਜ ਈਵੀ ਸ਼ੇਅਰਾਂ ਵਿੱਚ ਵਾਧਾ ਹੋਣ ਦੀ ਉਮੀਦ ਹੈ। ਗਲੋਬਲ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਕੱਲ ਅਮਰੀਕੀ ਬਾਜ਼ਾਰਾਂ ‘ਚ ਡਾਓ ਜੋਂਸ ‘ਚ 0.31 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਬੰਦ ਹੋਇਆ ਸੀ। ਨੈਸਡੈਕ ‘ਚ 2.13 ਫੀਸਦੀ ਦਾ ਵਾਧਾ ਦੇਖਿਆ ਗਿਆ, ਜਦੋਂਕਿ S&P500 ‘ਚ 1.07 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਬੰਦ ਹੋਇਆ। ਕੱਲ੍ਹ ਅਮਰੀਕੀ ਬਾਜ਼ਾਰਾਂ ਵਿੱਚ ਅਕਤੂਬਰ 2022 ਤੋਂ ਬਾਅਦ ਪਹਿਲੀ ਵਾਰ, S&P ਅਤੇ Nasdaq ਨੇ 1.5 ਪ੍ਰਤੀਸ਼ਤ ਦੇ ਅੰਤਰਾਲ ਦੇ ਨੁਕਸਾਨ ਦੀ ਭਰਪਾਈ ਕੀਤੀ।