ਦਫਤਰ ਵਿੱਚ ਲੰਚ ਬ੍ਰੇਕ ਦੌਰਾਨ ਬਣਾਓ ਸਰੀਰਕ ਸਬੰਧ, ਰਾਸ਼ਟਰਪਤੀ ਨੇ ਦਿੱਤੀ ਖੁੱਲ੍ਹੀ ਛੁੱਟੀ

ਰੂਸ ਵਿੱਚ ਜਣਨ ਦਰ ਇਸ ਸਮੇਂ ਸਭ ਤੋਂ ਘੱਟ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੇਸ਼ ਦੇ ਨੌਜਵਾਨਾਂ ਨੂੰ ਕਿਹਾ ਹੈ ਕਿ ਉਹ ਕੰਮ ਦੇ ਵਿਚਕਾਰ ਮੌਜੂਦ ਸਮੇਂ ਦੀ ਵਰਤੋਂ ਸਰੀਰਕ ਸਬੰਧ ਬਣਾਉਣ ਲਈ ਕਰਨ। ਪੁਤਿਨ ਨੇ ਰੂਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੰਮ ਦੇ ਸਥਾਨਾਂ ‘ਤੇ ਦੁਪਹਿਰ ਦੇ ਖਾਣੇ ਅਤੇ ਕੌਫੀ ਬ੍ਰੇਕ ਦੌਰਾਨ ਸਮਾਂ ਹੋਣ ‘ਤੇ ਰਿਸ਼ਤੇ ਬਣਾਉਣ। ਰੂਸ ਵਿੱਚ ਜਣਨ ਦਰ ਵਿੱਚ ਕੁਝ ਸਾਲਾਂ ਤੋਂ ਕਾਫ਼ੀ ਗਿਰਾਵਟ ਆਈ ਹੈ। ਵਲਾਦੀਮੀਰ ਪੁਤਿਨ ਨੇ ਦੇਸ਼ ਦੀ ਡਿੱਗਦੀ ਜਨਮ ਦਰ ਨੂੰ ਸੰਭਾਲਣ ਲਈ ਇਹ ਅਪੀਲ ਕੀਤੀ ਹੈ। ਪੁਤਿਨ ਨੇ ਕਿਹਾ ਕਿ ਦੇਸ਼ ਇਸ ਸਮੇਂ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਅਸੀਂ ਆਬਾਦੀ ਦੀ ਕਮੀ ਦਾ ਸਾਹਮਣਾ ਕਰ ਰਹੇ ਹਾਂ ਤੇ ਇਸ ਨਾਲ ਨਜਿੱਠਣ ਲਈ ਨੌਜਵਾਨਾਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ‘ਤੇ ਧਿਆਨ ਦੇਣਾ ਚਾਹੀਦਾ ਹੈ।

ਮੈਟਰੋ ਦੀ ਇੱਕ ਰਿਪੋਰਟ ਦੇ ਅਨੁਸਾਰ, ਰੂਸ ਵਿੱਚ ਜਣਨ ਦਰ, ਯਾਨੀ ਕਿ ਇੱਕ ਔਰਤ ਆਪਣੇ ਜੀਵਨ ਕਾਲ ਵਿੱਚ ਬੱਚਿਆਂ ਨੂੰ ਜਨਮ ਦੇਣ ਦੀ ਦਰ 1.5 ਹੈ। ਜਾਣਕਾਰੀ ਮੁਤਾਬਕ ਕਿਸੇ ਦੇਸ਼ ਦੀ ਆਬਾਦੀ ਨੂੰ ਸਥਿਰ ਰੱਖਣ ਲਈ ਇਹ ਦਰ 2.1 ਹੋਣੀ ਚਾਹੀਦੀ ਹੈ। ਇਸ ਤੋਂ ਘੱਟ ਹੋਣ ‘ਤੇ ਆਬਾਦੀ ਘਟਣ ਲੱਗਦੀ ਹੈ। ਅਜਿਹੇ ‘ਚ ਰੂਸ ਦੀ ਆਬਾਦੀ ਤੇਜ਼ੀ ਨਾਲ ਘੱਟ ਰਹੀ ਹੈ। ਇਸ ਨਾਲ ਦੇਸ਼ ਦੀ ਸਰਕਾਰ ਲਈ ਗੰਭੀਰ ਚਿੰਤਾ ਪੈਦਾ ਹੋ ਗਈ ਹੈ। ਇੱਕ ਪਾਸੇ ਘੱਟ ਬੱਚੇ ਪੈਦਾ ਹੋ ਰਹੇ ਹਨ, ਜਦਕਿ ਦੂਜੇ ਪਾਸੇ ਯੂਕਰੇਨ ਨਾਲ ਜੰਗ ਕਾਰਨ ਵੱਡੀ ਗਿਣਤੀ ਵਿੱਚ ਰੂਸੀ ਨੌਜਵਾਨ ਦੇਸ਼ ਛੱਡ ਚੁੱਕੇ ਹਨ। ਇਸ ਵੱਲ ਧਿਆਨ ਦਿਵਾਉਂਦੇ ਹੋਏ ਪੁਤਿਨ ਨੇ ਲੋਕਾਂ ਨੂੰ ਦਫਤਰਾਂ ‘ਚ ਕੌਫੀ ਬ੍ਰੇਕ ਅਤੇ ਲੰਚ ਬ੍ਰੇਕ ਦੌਰਾਨ ਸਰੀਰਕ ਸਬੰਧ ਬਣਾਉਣ ਅਤੇ ਜ਼ਿਆਦਾ ਬੱਚੇ ਪੈਦਾ ਕਰਨ ਦੀ ਅਪੀਲ ਕੀਤੀ ਹੈ।

ਪੁਤਿਨ ਨੇ ਕਿਹਾ ਕਿ ਇਹ ਰਾਸ਼ਟਰੀ ਮਹੱਤਵ ਦਾ ਸਵਾਲ ਹੈ ਤੇ ਸਾਨੂੰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਰੂਸ ਦੇ ਸਿਹਤ ਮੰਤਰੀ ਡਾਕਟਰ ਯੇਵਗੇਨੀ ਸ਼ੇਸਟੋਪਾਲੋਵ ਨੇ ਪੁਤਿਨ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਲੋਕ ਕੰਮ ਕਾਰਨ ਬੱਚੇ ਨਾ ਹੋਣ ਦਾ ਬਹਾਨਾ ਬਣਾਉਂਦੇ ਹਨ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਕੰਮ ਵਾਲੀ ਥਾਂ ‘ਤੇ ਸਰੀਰਕ ਸਬੰਧ ਬਣਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਕਹਿਣਾ ਕਿ ਉਹ ਕੰਮ ਵਿੱਚ ਬਹੁਤ ਰੁੱਝਿਆ ਹੋਇਆ ਹੈ ਇੱਕ ਬੇਕਾਰ ਬਹਾਨਾ ਹੈ।

Advertisement