ਅੱਜ-ਕੱਲ੍ਹ ਕੈਨੇਡਾ ਜਾਣ ਦਾ ਲੋਕਾਂ ਦੇ ਮਨਾਂ ਵਿਚ ਕਰੇਜ਼ ਹੈ। 12ਵੀਂ ਤੋਂ ਬਾਅਦ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਭਾਰਤ ਵਿਚੋਂ ਵਿਸ਼ੇਸ਼ ਕਰਕੇ ਪੰਜਾਬ ਵਿਚੋਂ ਵੱਡੀ ਗਿਣਤੀ ਵਿਚ ਵਿਦਿਆਰਥੀ ਕੈਨੇਡਾ ਜਾ ਰਹੇ ਹਨ। ਪਰ ਕੈਨੇਡਾ ਵਿਚ ਪੜ੍ਹਾਈ ਕਰਨਾ ਆਸਾਨ ਨਹੀਂ ਹੈ। ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਫੀਸਾਂ ਅਤੇ ਰਹਿਣ ਸਹਿਣ ਦੇ ਖਰਚਿਆਂ ਲਈ ਨੌਕਰੀ ਵੀ ਕਰਨੀ ਪੈਂਦੀ ਹੈ। ਕੈਨੇਡੀਅਨ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕਈ ਨਿਯਮ ਬਣਾਏ ਹਨ। ਪਾਰਟ ਟਾਈਮ ਨੌਕਰੀ ਕਰਨ ਦੇ ਲਈ ਕੁਝ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ।
ਦਸ ਦਈਏ ਕਿ ਕੈਨੇਡੀਅਨ ਸਰਕਾਰ ਦੁਆਰਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਬਣੇ ਨਿਯਮਾਂ ਦਾ ਪਾਲਣ ਕਰਨ ਲਾਜ਼ਮੀ ਹੈ। ਕੋਈ ਵੀ ਵਿਦਿਆਰਥੀ ਬਿਨਾਂ ਵਰਕ ਪਰਮਿਟ ਦੇ ਵੀ ਕੈਨੇਡਾ ਵਿਚ ਆਫ-ਕੈਂਪਸ ਨੌਕਰੀਆਂ ਕਰ ਸਕਦੇ ਹਨ। ਇਸ ਦੇ ਲਈ ਕੁਝ ਸ਼ਰਤਾਂ ਮੰਨਣੀਆਂ ਲਾਜ਼ਮੀ ਹਨ।
- ਕਿਸੇ ਮਾਨਤਾ ਪ੍ਰਾਪਤ ਸੰਸਥਾ ਵਿੱਚ ਫੁੱਲ ਟਾਈਮ ਵਿਦਿਆਰਥੀ ਹੋਣਾ ਜ਼ਰੂਰੀ ਹੈ।
- ਕਿਸੇ ਵੀ ਪੋਸਟ ਸੈਕੰਡਰੀ ਅਕਾਦਮਿਕ, ਵੋਕੇਸ਼ਨਲ, ਪੇਸ਼ੇਵਰ ਸਿਖਲਾਈ ਪ੍ਰੋਗਰਾਮ ਜਾਂ ਸੈਕੰਡਰੀ ਪੱਧਰ ਦੇ ਵੋਕੇਸ਼ਨਲ ਸਿਖਲਾਈ ਪ੍ਰੋਗਰਾਮ ਵਿੱਚ ਦਾਖਲ ਹੋਣਾ ਜ਼ਰੂਰੀ ਹੈ।
- ਤੁਹਾਡਾ ਅਧਿਐਨ ਪ੍ਰੋਗਰਾਮ ਘੱਟੋ-ਘੱਟ 6 ਮਹੀਨਿਆਂ ਦਾ ਹੋਣਾ ਚਾਹੀਦਾ ਹੈ ਅਤੇ ਪੂਰਾ ਹੋਣ ‘ਤੇ ਇਸ ਕੋਰਸ ਦੀ ਡਿਗਰੀ, ਡਿਪਲੋਮਾ ਜਾਂ ਸਰਟੀਫਿਕੇਟ ਮਿਲਣਾ ਵੀ ਲਾਜ਼ਮੀ ਹੋਵੇ।
- ਤੁਹਾਡੇ ਕੋਲ ਸੋਸ਼ਲ ਇੰਸ਼ੋਰੈਂਸ ਨੰਬਰ (SIN) ਹੋਵੇ ਅਤੇ ਤੁਸੀਂ ਕੈਨੇਡਾ ਵਿਚ ਆਪਣਏ ਕੋਰਸ ਦੀਆਂ ਕਲਾਸਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਹੋਵੇ।
- ਅੰਤਰਰਾਸ਼ਟਰੀ ਵਿਦਿਆਰਥੀ ਹਫ਼ਤੇ ਵਿੱਚ ਕੁੱਲ 24 ਘੰਟੇ ਪਾਰਟ ਟਾਈਮ ਕੰਮ ਕਰ ਸਕਦੇ ਹਨ। ਤੁਸੀਂ ਅਧਿਕਾਰਤ ਛੁੱਟੀ ਜਾਂ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਫੁੱਲ ਟਾਈਮ ਨੌਕਰੀ ਕਰ ਸਕਦੇ ਹੋ।
ਕੈਨੇਡਾ ਵਿਚ ਨੌਕਰੀ ਕਰਨ ਲਈ ਤੁਹਾਡੇ ਕੋਲ ਸੰਚਾਰ ਹੁਨਰ (communication skills) ਦਾ ਹੋਣਾ ਲਾਜ਼ਮੀ ਹੈ। ਸੰਚਾਰ ਹੁਨਰ ਹੋਣ ਦੇ ਨਾਲ ਤੁਹਾਨੂੰ ਗਾਹਕਾਂ ਨਾਲ ਡੀਲ ਕਰਨ ਵਿਚ ਸੌਖ ਰਹਿੰਦੀ ਹੈ।
ਜੇਕਰ ਤੁਸੀਂ ਕੈਨੇਡਾ ਵਿਚ ਨੌਕਰੀ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਗਾਹਕਾਂ ਨਾਲ ਡੀਲ ਕਰਨਾ ਆਉਣਾ ਚਾਹੀਦਾ ਹੈ। ਗਾਹਕ ਸੇਵਾ ਦੇ ਲਈ ਤੁਹਾਡੇ ਮਨ ਵਿਚ ਧੀਰਜ, ਨਿਮਨ ਭਾਵ ਹੋਣਾ ਲਾਜ਼ਮੀ ਹੈ।
ਕੈਨੇਡਾ ਦੇ ਵਿਚ ਕੰਮ ਕਰਨ ਲਈ ਤੁਹਾਡੇ ਵਿਚ ਟੀਮ ਵਰਕ ਦੀ ਸਕਿੱਲ ਹੋਣੀ ਚਾਹੀਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਰੁਜ਼ਗਾਰ ਦੇਣ ਵਿਚ ਪਹਿਲ ਦਿੱਤੀ ਜਾਂਦੀ ਹੈ, ਜੋ ਦੂਜਿਆਂ ਨਾਲ ਮਿਲ ਕੇ ਆਰਾਮ ਨਾਲ ਕੰਮ ਕਰ ਸਕਦੇ ਹੋਣ। ਅਜਿਹਾ ਕਰਨ ਨਾਲ ਕੰਮ ਕਰਨ ਵਾਲੀ ਥਾਂ ਦਾ ਮਾਹੌਲ ਵੀ ਵਧੀਆ ਰਹਿੰਦਾ ਹੈ।