ਜਦੋਂ ਤੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (arvind kejriwal) ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਲੋਕਾਂ ਵਿੱਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਰਹਿਣ ਲਈ ਘਰ ਦੇਣ ਦਾ ਮੁਕਾਬਲਾ ਸ਼ੁਰੂ ਹੋ ਗਿਆ ਹੈ। ਅਰਵਿੰਦ ਕੇਜਰੀਵਾਲ ਨੂੰ ਪਿਆਰ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ, ਕੌਂਸਲਰਾਂ, ਵਰਕਰਾਂ ਅਤੇ ਆਮ ਨਾਗਰਿਕਾਂ ਸਮੇਤ ਹਰ ਵਰਗ ਦੇ ਲੋਕ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਪੇਸ਼ਕਸ਼ ਕਰ ਰਹੇ ਹਨ। ਦਿੱਲੀ ਦੇ ਲੋਕਾਂ ਨੇ ਭਾਵੇਂ ਉਨ੍ਹਾਂ ਦਾ ਸਮਾਜਿਕ, ਆਰਥਿਕ ਜਾਂ ਸਿਆਸੀ ਪਿਛੋਕੜ ਕੋਈ ਵੀ ਹੋਵੇ, ਅਰਵਿੰਦ ਕੇਜਰੀਵਾਲ ਲਈ ਆਪਣੇ ਦਿਲ ਅਤੇ ਦਰਵਾਜ਼ੇ ਦੋਵੇਂ ਖੋਲ੍ਹ ਦਿੱਤੇ ਹਨ।

ਕੁਝ ਲੋਕਾਂ ਨੇ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੇ ਨਾਲ ਰਹਿਣ ਦੀ ਬੇਨਤੀ ਕੀਤੀ ਹੈ, ਕਈਆਂ ਨੇ ਆਪਣਾ ਘਰ ਸਾਂਝਾ ਕਰਨ ਦੀ ਪੇਸ਼ਕਸ਼ ਕੀਤੀ ਹੈ ਅਤੇ ਕਈਆਂ ਨੇ ਉਨ੍ਹਾਂ ਦੇ ਰਹਿਣ ਲਈ ਆਪਣਾ ਖਾਲੀ ਘਰ ਮੁਹੱਈਆ ਕਰਵਾਇਆ ਹੈ। ਅਰਵਿੰਦ ਕੇਜਰੀਵਾਲ ਨੂੰ ਘਰ ਦੇਣ ਦੀਆਂ ਪੇਸ਼ਕਸ਼ਾਂ ਪੂਰੀ ਦਿੱਲੀ ਤੋਂ ਆਈਆਂ ਹਨ। ਜਿਸ ਵਿੱਚ ਡਿਫੈਂਸ ਕਲੋਨੀ, ਪੀਤਮਪੁਰਾ, ਜੋਰ ਬਾਗ, ਚਾਣਕਿਆਪੁਰੀ, ਗ੍ਰੇਟਰ ਕੈਲਾਸ਼, ਵਸੰਤ ਵਿਹਾਰ ਅਤੇ ਹੌਜ਼ ਖਾਸ ਅਤੇ ਹੋਰ ਇਲਾਕੇ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਆਪਣੀ ਪਤਨੀ, ਬੱਚਿਆਂ ਅਤੇ ਬਜ਼ੁਰਗ ਮਾਤਾ-ਪਿਤਾ ਨਾਲ ਰਹਿੰਦੇ ਹਨ ਅਤੇ ਉਹ ਅਜਿਹੇ ਘਰ ਦੀ ਤਲਾਸ਼ ਕਰ ਰਹੇ ਹਨ ਜਿੱਥੇ ਉਨ੍ਹਾਂ ਦਾ ਪਰਿਵਾਰ ਆਰਾਮ ਨਾਲ ਰਹਿ ਸਕੇ।
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਪਣੇ ਵਿਧਾਨ ਸਭਾ ਹਲਕੇ ਯਾਨੀ ਨਵੀਂ ਦਿੱਲੀ ਦੇ ਨੇੜੇ ਰਹਿਣ ਨੂੰ ਪਹਿਲ ਦੇ ਰਹੇ ਹਨ। ਨਵੀਂ ਦਿੱਲੀ ਵਿਧਾਨ ਸਭਾ ਤੋਂ ਵਿਧਾਇਕ ਅਰਵਿੰਦ ਕੇਜਰੀਵਾਲ ਹਮੇਸ਼ਾ ਆਪਣੇ ਹਲਕੇ ਨਾਲ ਜੁੜੇ ਰਹਿਣਾ ਚਾਹੁੰਦੇ ਹਨ। ਇਸ ਲਈ ਉਹ ਅਜਿਹੇ ਘਰ ਦੀ ਤਲਾਸ਼ ਕਰ ਰਹੇ ਹੈ ਜੋ ਹਰ ਤਰ੍ਹਾਂ ਦੀਆਂ ਰੁਕਾਵਟਾਂ ਅਤੇ ਵਿਵਾਦਾਂ ਤੋਂ ਮੁਕਤ ਹੋਵੇ।