ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਗਲੇ ਦੋ ਦਿਨਾਂ ਵਿੱਚ ਸਿਵਲ ਲਾਈਨਜ਼ ਵਿੱਚ ‘ਫਲੈਗਸਟਾਫ ਰੋਡ’ ‘ਤੇ ਸਥਿਤ ਸਰਕਾਰੀ ਰਿਹਾਇਸ਼ ਨੂੰ ਖਾਲੀ ਕਰ ਦੇਣਗੇ। ਉਨ੍ਹਾਂ ਲਈ ਨਵੀਂ ਦਿੱਲੀ ਖੇਤਰ ਵਿੱਚ ਇਕ ਨਵੀ ਰਿਹਾਇਸ਼ ਵੀ ਫਾਈਨਲ ਕਰ ਦਿੱਤੀ ਗਈ ਹੈ, ਜਿੱਥੇ ਉਹ ਆਪਣੇ ਪਰਿਵਾਰ ਨਾਲ ਰਹਿਣਗੇ। ‘ਆਪ’ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 4 ਅਕਤੂਬਰ ਨੂੰ ਨਵੇਂ ਘਰ ਵਿੱਚ ਸ਼ਿਫਟ ਹੋ ਸਕਦੇ ਹਨ। ਬੁੱਧਵਾਰ ਨੂੰ ‘ਆਪ’ ਨੇ ਕਿਹਾ ਕਿ ਕੇਜਰੀਵਾਲ ਲਈ ਮੰਡੀ ਹਾਊਸ ਇਲਾਕੇ ‘ਚ ਘਰ ਫਾਈਨਲ ਕੀਤਾ ਗਿਆ ਹੈ। ਕੇਜਰੀਵਾਲ ਫਿਰੋਜ਼ਸ਼ਾਹ ਰੋਡ ‘ਤੇ ‘ਆਪ’ ਦੇ ਰਾਜ ਸਭਾ ਸੰਸਦ ਮੈਂਬਰਾਂ ਨੂੰ ਅਲਾਟ ਕੀਤੇ ਗਏ ਦੋ ਬੰਗਲਿਆਂ ‘ਚੋਂ ਇਕ ‘ਚ ਰਹਿਣਗੇ। ‘ਆਪ’ ਮੁਤਾਬਕ ਦੋਵੇਂ ਬੰਗਲੇ ਪਾਰਟੀ ਹੈੱਡਕੁਆਰਟਰ ਤੋਂ ਕੁਝ ਮੀਟਰ ਦੀ ਦੂਰੀ ‘ਤੇ ਹਨ। ਕੇਜਰੀਵਾਲ ਫਲੈਗ ਸਟਾਫ ਰੋਡ ‘ਤੇ ਸਥਿਤ ਮੁੱਖ ਮੰਤਰੀ ਨਿਵਾਸ ਨੂੰ ਖਾਲੀ ਕਰਨਗੇ ਅਤੇ 4 ਅਕਤੂਬਰ ਨੂੰ ਇੱਥੇ ਸ਼ਿਫਟ ਹੋ ਜਾਣਗੇ। ਕੇਜਰੀਵਾਲ ਨੇ ਨਰਾਤਿਆਂ ਦੌਰਾਨ ਮੁੱਖ ਮੰਤਰੀ ਨਿਵਾਸ ਖਾਲੀ ਕਰਨ ਦੀ ਗੱਲ ਵੀ ਕਹੀ ਸੀ।
ਦਸ ਦੇਈਏ ਕਿ ਕੇਜਰੀਵਾਲ ਨੇ 17 ਸਤੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਨਰਾਤਿਆਂ ਦੌਰਾਨ ਫਲੈਗਸਟਾਫ ਰੋਡ ‘ਤੇ ਸਥਿਤ ਸਰਕਾਰੀ ਰਿਹਾਇਸ਼ ਨੂੰ ਖਾਲੀ ਕਰ ਦੇਣਗੇ। ਹਿੰਦੂਆਂ ਦਾ ਇਹ ਤਿਉਹਾਰ ਵੀਰਵਾਰ ਤੋਂ ਸ਼ੁਰੂ ਹੋ ਰਿਹਾ ਹੈ। ਪਾਰਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੇਜਰੀਵਾਲ ਅਗਲੇ ਇੱਕ-ਦੋ ਦਿਨਾਂ ਵਿੱਚ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਖਾਲੀ ਕਰ ਦੇਣਗੇ, ਕਿਉਂਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਨਵੀ ਰਿਹਾਇਸ਼ ਨਿਸ਼ਚਿਤ ਕਰ ਲਈ ਗਈ ਹੈ।