ਕਿਸਾਨਾਂ ਵੱਲੋਂ ਅੱਜ ਦੇਸ਼ ਭਰ ਵਿੱਚ ਰੋਕੀਆਂ ਜਾਣਗੀਆਂ ਰੇਲਾਂ, ਜਾਣੋ ਕਾਰਨ

ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਅਤੇ ਹੋਰ ਮੁੱਦਿਆਂ ‘ਤੇ ਕਾਨੂੰਨੀ ਗਾਰੰਟੀ ਨੂੰ ਲੈ ਕੇ ਫਰਵਰੀ ਤੋਂ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਅੱਜ ਪੰਜਾਬ ‘ਚ ਰੇਲਾਂ ਰੋਕੀਆਂ ਜਾਣਗੀਆਂ। ਪੰਜਾਬ ਦੇ 35 ਥਾਵਾਂ ‘ਤੇ ਚੱਕਾ ਜਾਮ ਕੀਤਾ ਜਾਵੇਗਾ। ਕਿਸਾਨ ਫਸਲਾਂ ’ਤੇ ਐਮ ਐਸ ਪੀ ਦੀ ਗਰੰਟੀ ਦੇਣ ਅਤੇ ਯੂ ਪੀ ਦੇ ਲਖੀਮਪੁਰ ਖੀਰੀ ਮਾਮਲੇ ਵਿਚ ਨਿਆਂ ਦੀ ਮੰਗ ਸਮੇਤ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਇਹ ਰੇਲ ਰੋਕੋ ਅੰਦੋਲਨ ਦੁਪਹਿਰ 12:30 ਤੋਂ 2:30 ਵਜੇ ਤੱਕ ਚੱਲੇਗਾ। ਇਹ ਅੰਦੋਲਨ ਲਖੀਮਪੁਰ ਖੇੜੀ ਮਾਮਲੇ ਅਤੇ ਐਮਐਸਪੀ ਸਮੇਤ ਬਾਕੀ 12 ਮੰਗਾਂ ਦੇ ਸਮਰਥਨ ਵਿੱਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਯੂਪੀ, ਐਮਪੀ, ਤਾਮਿਲਨਾਡੂ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ।

ਇਹ ਰੋਸ ਪ੍ਰਦਰਸ਼ਨ ਯੂਨਾਈਟਿਡ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਗਠਨ ਦੇ ਬੈਨਰ ਹੇਠ ਕੀਤਾ ਜਾਵੇਗਾ। ਅਜਿਹੇ ‘ਚ ਟਰੇਨਾਂ ‘ਚ ਸਫਰ ਕਰਨ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੜਤਾਲ ਦੌਰਾਨ ਚੰਡੀਗੜ੍ਹ, ਅੰਬਾਲਾ, ਅੰਮ੍ਰਿਤਸਰ ਅਤੇ ਜੰਮੂ ਮਾਰਗ ਪ੍ਰਭਾਵਿਤ ਰਹਿਣਗੇ। ਇਸ ਸਬੰਧੀ ਫ਼ਿਰੋਜ਼ਪੁਰ ਡਿਵੀਜ਼ਨ ਅਤੇ ਅੰਬਾਲਾ ਡਿਵੀਜ਼ਨ ਨੇ 2 ਘੰਟੇ ਦੇ ਬੰਦ ਕਾਰਨ ਰੇਲ ਗੱਡੀਆਂ ਨੂੰ ਰੱਦ ਕਰਨ ਅਤੇ ਥੋੜ੍ਹੇ ਸਮੇਂ ਲਈ ਬੰਦ ਕਰਨ ਦਾ ਰਸਮੀ ਐਲਾਨ ਕੀਤਾ ਹੈ।

Advertisement