ਦੇਸ਼ ਵਿੱਚ 2000 ਰੁਪਏ ਦੇ ਨੋਟਾਂ ਨੂੰ ਬੰਦ ਹੋਏ ਡੇਢ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਅਜੇ ਵੀ ਹਜ਼ਾਰਾਂ ਕਰੋੜ ਰੁਪਏ ਦੇ ਇਹ ਨੋਟ ਲੋਕਾਂ ਕੋਲ ਪਏ ਹਨ। ਭਾਰਤੀ ਰਿਜ਼ਰਵ ਬੈਂਕ ਨੇ ਦੱਸਿਆ ਕਿ 2000 ਰੁਪਏ ਦੇ ਕੁੱਲ ਨੋਟਾਂ ਵਿੱਚੋਂ 98% ਬੈਂਕਾਂ ਵਿੱਚ ਵਾਪਸ ਆ ਗਏ ਹਨ। ਯਾਨੀ ਕਰੀਬ 2% ਨੋਟ ਅਜੇ ਵੀ ਲੋਕਾਂ ਕੋਲ ਪਏ ਹਨ। ਇਹ ਬਹੁਤ ਵੱਡੀ ਗਿਣਤੀ ਹੈ ਅਤੇ ਆਰਬੀਆਈ ਇਸ ਨੂੰ ਲੈ ਕੇ ਚਿੰਤਤ ਹੈ।
ਹਾਲ ਹੀ ‘ਚ ਕੇਂਦਰੀ ਬੈਂਕ ਆਰਬੀਆਈ ਨੇ 2000 ਰੁਪਏ ਦੇ ਨੋਟਾਂ ਦੀ ਵਾਪਸੀ ਦਾ ਡਾਟਾ ਸਾਂਝਾ ਕਰਦੇ ਹੋਏ ਦੱਸਿਆ ਹੈ ਕਿ ਇਸ ਮੁੱਲ ਦੇ 98 ਫੀਸਦੀ ਨੋਟ ਬੈਂਕ ‘ਚ ਵਾਪਸ ਆ ਗਏ ਹਨ, ਇਸ ਦੇ ਬਾਵਜੂਦ ਲੋਕਾਂ ਕੋਲ ਅਜੇ 7,117 ਕਰੋੜ ਰੁਪਏ ਦੇ ਗੁਲਾਬੀ ਨੋਟ ਪਏ ਹਨ। ਸ਼ੁਰੂਆਤੀ ਦੌਰ ‘ਚ ਇਨ੍ਹਾਂ ਨੋਟਾਂ ਨੂੰ ਸਰਕੂਲੇਸ਼ਨ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਇਨ੍ਹਾਂ ਦੀ ਵਾਪਸੀ ਬਹੁਤ ਤੇਜ਼ੀ ਨਾਲ ਹੋਈ ਸੀ ਪਰ ਹੁਣ ਇਹ ਨੋਟ ਕਾਫੀ ਮੁਸ਼ਕਲ ਨਾਲ ਵਾਪਸ ਆ ਰਹੇ ਹਨ।
ਭਾਰਤੀ ਰਿਜ਼ਰਵ ਬੈਂਕ ਵੱਲੋਂ 1 ਜੁਲਾਈ, 2024 ਨੂੰ ਸਾਂਝੇ ਕੀਤੇ ਅੰਕੜਿਆਂ ਅਨੁਸਾਰ 7581 ਕਰੋੜ ਰੁਪਏ ਮੁੱਲ ਦੇ 2000 ਰੁਪਏ ਦੇ ਨੋਟ ਬਾਜ਼ਾਰ ਵਿੱਚ ਬਚੇ ਹਨ, ਜਦਕਿ ਤਾਜ਼ਾ ਅੰਕੜੇ ਦੱਸਦੇ ਹਨ ਕਿ ਇਹ ਅੰਕੜਾ ਅਜੇ ਵੀ 7000 ਕਰੋੜ ਰੁਪਏ ਤੋਂ ਉਪਰ ਬਣਿਆ ਹੋਇਆ ਹੈ। ਪਿਛਲੇ ਦੋ ਮਹੀਨਿਆਂ ਵਿੱਚ ਸਿਰਫ਼ 320 ਕਰੋੜ ਰੁਪਏ ਦੇ ਨੋਟ ਹੀ ਵਾਪਸ ਆਏ ਹਨ। ਜਦੋਂ ਕਿ ਅਕਤੂਬਰ ਦੇ ਅੰਕੜੇ ਹੋਰ ਵੀ ਹੈਰਾਨ ਕਰਨ ਵਾਲੇ ਹਨ ਜੋ ਦੱਸਦੇ ਹਨ ਕਿ ਇਸ ਦੀ ਰਫ਼ਤਾਰ ਕਿੰਨੀ ਹੌਲੀ ਹੋ ਗਈ ਹੈ।