ਇਸਰਾਈਲ-ਫਲਸਤੀਨ ਦੀ ਜੰਗ ਪੂਰੀ ਦੁਨੀਆਂ ਨੂੰ ਲਪੇਟੇ ਵਿੱਚ ਲੈ ਰਹੀ ਹੈ। ਇਰਾਨ ਦੇ ਸੁਪਰੀਮ ਲੀਡਰ ਅਲੀ ਖਮੇਨੀ ਨੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਇਕਜੁੱਟ ਹੋਣ ਲਈ ਕਿਹਾ ਹੈ। ਫਲਸਤੀਨ ਤੋਂ ਬਾਅਦ ਇਸਰਾਈਲ ਲਿਬਨਾਨ ਤੇ ਇਰਾਨ ਉਪਰ ਵੀ ਹਮਲੇ ਕਰ ਰਿਹਾ ਹੈ। ਇਸ ਨਾਲ ਮੁਸਲਮਾਨ ਦੇਸ਼ਾਂ ਅੰਦਰ ਰੋਹ ਵਧ ਗਿਆ ਹੈ। ਇਸ ਲਈ ਵਿਸ਼ਵ ਜੰਗ ਲੱਗਣ ਦਾ ਖਤਰਾ ਵਧ ਗਿਆ ਹੈ।
ਇਰਾਨ ਦੇ ਸੁਪਰੀਮ ਲੀਡਰ ਅਲੀ ਖਮੇਨੀ ਨੇ ਤਹਿਰਾਨ ਦੀ ਗ੍ਰੈਂਡ ਮਸਜਿਦ ਵਿੱਚ ਭਾਸ਼ਣ ਦਿੰਦਿਆਂ ਕਿਹਾ ਕਿ ਪੂਰੀ ਦੁਨੀਆ ਦੇ ਮੁਸਲਮਾਨਾਂ ਦੇ ਇੱਕਜੁੱਟ ਹੋਣ ਦਾ ਵੇਲਾ ਆ ਗਿਆ ਹੈ। ਮਸਜਿਦ ਵਿੱਚ ਹਿਜ਼ਬੁੱਲਾ ਚੀਫ਼ ਨਸਰੁੱਲਾ ਦੀ ਯਾਦ ਵਿੱਚ ਕਰਵਾਏ ਪ੍ਰੋਗਰਾਮ ਦਾਰੀਾਨ ਖਮੇਨੀ ਨੂੰ ਸੁਣਨ ਲਈ ਹਜ਼ਾਰਾਂ ਲੋਕ ਪਹੁੰਚੇ।
ਦਸ ਦਈਏ ਕਿ ਖਾਮੇਨੀ ਨੇ ਆਖਰੀ ਵਾਰ ਜਨਵਰੀ 2020 ਵਿੱਚ ਰੈਵੋਲਿਊਸ਼ਨਰੀ ਗਾਰਡਜ਼ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਜੁੰਮੇ ਦੀ ਨਮਾਜ਼ ਦੀ ਅਗਵਾਈ ਕੀਤੀ ਸੀ। ਨਸਰੁੱਲਾ ਦੀ ਮੌਤ ਤੋਂ ਬਾਅਦ ਖਮੇਨੀ ਨੂੰ ਇੱਕ ਗੁਪਤ ਸਥਾਨ ‘ਤੇ ਲਿਜਾਇਆ ਗਿਆ ਸੀ। ਇਸ ਤੋਂ ਬਾਅਦ ਉਹ ਪਹਿਲੀ ਵਾਰ ਜਨਤਕ ਤੌਰ ‘ਤੇ ਨਜ਼ਰ ਆਏ ਹਨ। ਅੱਜ ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਨੂੰ ਸਪੁਰਦ-ਏ-ਖਾਕ ਕੀਤਾ ਜਾਵੇਗਾ। ਇਹ ਪ੍ਰੋਗਰਾਮ ਕਿੱਥੇ ਹੋਵੇਗਾ, ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ। ਉਧਰ, ਲਿਬਨਾਨ ‘ਤੇ ਇਜ਼ਰਾਈਲ ਦਾ ਹਮਲਾ ਜਾਰੀ ਹੈ। ਲਿਬਨਾਨ ਵਿੱਚ ਪੇਜਰ ਹਮਲੇ ਤੋਂ ਬਾਅਦ ਮਿਜ਼ਾਈਲ ਹਮਲਿਆਂ ਵਿੱਚ 1300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਕਿਹਾ ਕਿ ਹਿਜ਼ਬੁੱਲਾ ਨੇ ਵੀਰਵਾਰ ਨੂੰ ਲਗਪਗ 230 ਮਿਜ਼ਾਈਲ ਹਮਲੇ ਕੀਤੇ। ਇਸ ਵਿੱਚ ਇਜ਼ਰਾਈਲ ਦਾ ਕੋਈ ਨੁਕਸਾਨ ਨਹੀਂ ਹੋਇਆ। ਅੱਜ ਵੀ ਹਿਜ਼ਬੁੱਲਾ ਨੇ ਇਜ਼ਰਾਈਲ ‘ਤੇ 20 ਤੋਂ ਵੱਧ ਮਿਜ਼ਾਈਲਾਂ ਦਾਗੀਆਂ।