ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਸਵੇਰੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ‘ਆਪ’ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਕਰੀਬੀ ਫਾਈਨਾਂਸਰ ਹੇਮੰਤ ਸੂਦ ਦੇ ਚੰਡੀਗੜ੍ਹ ਰੋਡ ਹੈਮਪਟਨ ਹੋਮਜ਼ ਦੇ ਘਰ ‘ਚ ਛਾਪਾ ਮਾਰਿਆ। ਇਸ ਮਾਮਲੇ ਨੂੰ ਲੈਕੇ ਸੰਜੀਵ ਅਰੋੜਾ ਨੇ ਐਕਸ ‘ਤੇ ਪ੍ਰਤੀਕਿਰਿਆ ਦਿੰਦਿਆਂ ਹੋਇਆਂ ਲਿਖਿਆ, “ਮੈਂ ਇੱਕ ਸਤਿਕਾਰਯੋਗ ਨਾਗਰਿਕ ਹਾਂ। ਤਲਾਸ਼ੀ ਕਿਉਂ ਲਈ ਜਾ ਰਹੀ ਹੈ, ਇਸ ਬਾਰੇ ਮੈਨੂੰ ਕੁਝ ਨਹੀਂ ਪਤਾ, ਪਰ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਜਾਂਚ ਵਿਚ ਏਜੰਸੀਆਂ ਨੂੰ ਪੂਰਾ ਸਹਿਯੋਗ ਕਰਾਂਗਾ। ਮੈਂ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਵੀ ਦੇਵਾਂਗਾ।”
ਉੱਥੇ ਹੀ ਦਿੱਲੀ ਸਰਕਾਰ ਵਿੱਚ ਉੱਪ ਮੁੱਖ ਮੰਤਰੀ ਰਹਿ ਚੁੱਕੇ ਮਨੀਸ਼ ਸਿਸੋਦੀਆ ਨੇ ਵੀ ਛਾਪੇਮਾਰੀ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮਨੀਸ਼ ਨੇ ਐਕਸ ‘ਤੇ ਲਿਖਿਆ, ‘ਅੱਜ ਫਿਰ ਮੋਦੀ ਜੀ ਨੇ ਆਪਣੇ ਤੋਤੇ-ਮੈਨਾ ਨੂੰ ਖੁੱਲ੍ਹਾ ਛੱਡ ਦਿੱਤਾ ਹੈ। ਅੱਜ ਸਵੇਰ ਤੋਂ ਹੀ ਈਡੀ ਦੇ ਅਧਿਕਾਰੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਘਰ ਛਾਪੇਮਾਰੀ ਕਰ ਰਹੇ ਹਨ। ਪਿਛਲੇ ਦੋ ਸਾਲਾਂ ਵਿੱਚ ਅਰਵਿੰਦ ਕੇਜਰੀਵਾਲ ਦੇ ਘਰ ਛਾਪਾ ਮਾਰਿਆ, ਮੇਰੇ ਘਰ ਛਾਪਾ ਮਾਰਿਆ, ਸੰਜੇ ਸਿੰਘ ਦੇ ਘਰ ਛਾਪਾ ਮਾਰਿਆ, ਸਤੇਂਦਰ ਜੈਨ ਦੇ ਘਰ ਛਾਪਾ ਮਾਰਿਆ… ਕਿਤੇ ਵੀ ਕੁਝ ਨਹੀਂ ਮਿਲਿਆ।