ਇਜ਼ਰਾਈਲ ਨੇ ਵੀਰਵਾਰ ਰਾਤ ਲਿਬਨਾਨ ਦੀ ਰਾਜਧਾਨੀ ਬੇਰੂਤ ਦੇ ਡਾਊਨਟਾਊਨ ‘ਤੇ ਕਈ ਹਵਾਈ ਹਮਲੇ ਕੀਤੇ। ਇਸ ਹਮਲੇ ‘ਚ 22 ਲੋਕਾਂ ਦੀ ਮੌਤ ਹੋ ਗਈ ਅਤੇ 117 ਲੋਕ ਜ਼ਖਮੀ ਹੋ ਗਏ। ਇਜ਼ਰਾਈਲ ਡਿਫੈਂਸ ਫੋਰਸ IDF ਅਨੁਸਾਰ ਇਹ ਹਵਾਈ ਹਮਲੇ ਰਾਸ ਅਲ ਨਬੇਹ, ਅਲ-ਨੁਵੈਰੀ ਦੇ ਆਲੇ-ਦੁਆਲੇ ਦੇ ਖੇਤਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸਨ। ਲਿਬਨਾਨ ਵਿਚ ਸਰਗਰਮ ਈਰਾਨ ਸਮਰਥਿਤ ਸੰਗਠਨ ਹਿਜ਼ਬੁੱਲਾ ਨੇ ਇਜ਼ਰਾਈਲ ਉੱਤੇ ਕਈ ਹਮਲੇ ਕੀਤੇ, ਜਿਸ ਦੇ ਜਵਾਬ ਵਿਚ ਇਜ਼ਰਾਈਲ ਨੇ ਹਿਜ਼ਬੁੱਲਾ ਦੇ ਪ੍ਰਮੁੱਖ ਨੇਤਾਵਾਂ ਤੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ।
ਇਜ਼ਰਾਈਲੀ ਡਿਫੈਂਸ ਫੋਰਸ ਨੇ ਕੁਝ ਹੀ ਮਿੰਟਾਂ ਵਿਚ ਕਈ ਰਾਕੇਟ ਦਾਗੇ। ਹਮਲੇ ਤੋਂ ਬਾਅਦ ਸਥਾਨਕ ਲੋਕਾਂ ਨੇ ਵੀਡੀਓ ਬਣਾਈ, ਜਿਸ ‘ਚ ਇਮਾਰਤਾਂ ‘ਚੋਂ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ। ਸ਼ਹਿਰ ਵਿਚ ਐਂਬੂਲੈਂਸ ਦੇ ਸਾਇਰਨ ਦੀ ਉੱਚੀ ਆਵਾਜ਼ ਸੁਣੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਇਹ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਹਮਲੇ ‘ਚ 22 ਲੋਕਾਂ ਦੀ ਮੌਤ ਤੇ 117 ਦੇ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ।
ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਇਜ਼ਰਾਈਲ ਨੇ ਇਸ ਹਮਲੇ ‘ਚ ਹਿਜ਼ਬੁੱਲਾ ਦੇ ਇਕ ਚੋਟੀ ਦੇ ਨੇਤਾ ਨੂੰ ਨਿਸ਼ਾਨਾ ਬਣਾਇਆ ਸੀ। ਇਜ਼ਰਾਈਲ ਦੀਆਂ ਕਈ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਇਸ ਹਮਲੇ ਨੂੰ ਕਾਫੀ ਹੱਦ ਤੱਕ ਸਫਲ ਮੰਨਿਆ ਜਾ ਰਿਹਾ ਹੈ।