ਪਟਿਆਲਾ ਦੇ ਭਵਾਨੀਗੜ੍ਹ ਵਿੱਚ ਇੱਕ ਭਾਜਪਾ ਆਗੂ ਦੇ ਸਰਕਾਰੀ ਗੰਨਮੈਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਉਹ ਆਪਣੀ ਕਾਰ ਵਿੱਚ ਮ੍ਰਿਤਕ ਪਾਇਆ ਗਿਆ। ਉਸ ਦੇ ਮੱਥੇ ‘ਤੇ ਗੋਲੀ ਲੱਗੀ ਹੋਈ ਸੀ। ਗਨਮੈਨ ਦੀ ਲਾਸ਼ ਡਰਾਈਵਰ ਸੀਟ ‘ਤੇ ਪਈ ਹੋਈ ਸੀ। ਭਾਜਪਾ ਆਗੂ ਅਤੇ ਐਫਸੀਆਈ ਦੇ ਡਾਇਰੈਕਟਰ ਜੀਵਨ ਕੁਮਾਰ ਗਰਗ ਨੇ ਆਪਣੇ ਗੰਨਮੈਨ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕ ਦੀ ਪਛਾਣ ਕਾਂਸਟੇਬਲ ਨਵਜੋਤ ਸਿੰਘ ਵਜੋਂ ਹੋਈ ਹੈ। ਉਹ ਪਟਿਆਲਾ ਦਾ ਰਹਿਣ ਵਾਲਾ ਸੀ।
ਭਾਜਪਾ ਆਗੂ ਨੇ ਦੱਸਿਆ ਕਿ ਅੱਜ ਸਵੇਰੇ 11 ਵਜੇ ਦੇ ਕਰੀਬ ਕਾਂਸਟੇਬਲ ਨਵਜੋਤ ਸਿੰਘ ਨੇ ਉਸ ਨੂੰ ਡਿਊਟੀ ’ਤੇ ਆਉਣ ਤੋਂ ਪਹਿਲਾਂ ਫੋਨ ਕਰਕੇ ਆਪਣੇ ਆਉਣ ਦੀ ਸੂਚਨਾ ਦਿੱਤੀ ਸੀ। ਇਸ ਤੋਂ ਬਾਅਦ ਉਹ ਕਈ ਘੰਟੇ ਡਿਊਟੀ ‘ਤੇ ਨਹੀਂ ਆ ਸਕਿਆ, ਜਿਸ ਕਰਕੇ ਉਨ੍ਹਾਂ ਨਵਜੋਤ ਨੂੰ ਦੁਬਾਰਾ ਫ਼ੋਨ ਕੀਤਾ, ਪਰ ਇਸ ਵਾਰ ਉਸ ਨੇ ਫ਼ੋਨ ਨਹੀਂ ਚੁੱਕਿਆ। ਜਿਸ ਤੋਂ ਬਾਅਦ ਪਤਾ ਲੱਗਿਆ ਕਿ ਉਸ ਦੀ ਲਾਸ਼ ਪਿੰਡ ਜਲਾਣਾ ਨੇੜੇ ਕਾਰ ਵਿੱਚੋਂ ਮਿਲੀ ਹੈ।
ਪਸਿਆਣਾ ਥਾਣੇ ਦੇ ਇੰਚਾਰਜ ਤਰਨਵੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਾਂਸਟੇਬਲ ਦੇ ਮੱਥੇ ਵਿੱਚ ਗੋਲੀ ਕਿਵੇਂ ਲੱਗੀ।