ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ, ਫੌਜ ਨਾਲ ਮੁਕਾਬਲੇ ਵਿੱਚ 11 ਕੁਕੀ ਅੱਤਵਾਦੀ ਹਲਾਕ

ਮਨੀਪੁਰ ‘ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਜਿਰੀਬਾਮ ਜ਼ਿਲੇ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਘੱਟੋ-ਘੱਟ 11 ਸ਼ੱਕੀ ਕੁਕੀ ਅੱਤਵਾਦੀ ਮਾਰੇ ਗਏ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਕੋਲੋਂ ਵੱਡੀ ਮਾਤਰਾ ‘ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਸੂਤਰਾਂ ਅਨੁਸਾਰ ਆਸਾਮ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹੇ ਵਿੱਚ ਸ਼ੱਕੀ ਕੁਕੀ ਅਤਿਵਾਦੀਆਂ ਦੇ ਹਮਲੇ ਵਿੱਚ ਕੇਂਦਰੀ ਰਿਜ਼ਰਵ ਪੁਲੀਸ ਬਲ (CRPF) ਦੇ ਕੁਝ ਜਵਾਨ ਵੀ ਜ਼ਖ਼ਮੀ ਹੋਏ ਹਨ।

ਦਸਿਆ ਜਾ ਰਿਹਾ ਹੈ ਕਿ ਬੀਤੀ ਦੁਪਹਿਰ ਕਰੀਬ 2.30 ਵਜੇ ਸ਼ੱਕੀ ਅਤਿਵਾਦੀਆਂ ਨੇ ਬੋਰੋਬੇਕਰਾ ਪੁਲੀਸ ਸਟੇਸ਼ਨ ’ਤੇ ਦੋ ਪਾਸਿਆਂ ਤੋਂ ਹਮਲਾ ਕੀਤਾ। ਅੱਤਵਾਦੀਆਂ ਨੇ ਵੱਡੀ ਮਾਤਰਾ ‘ਚ ਗੋਲੀਬਾਰੀ ਕੀਤੀ, ਜਿਸ ਦਾ ਸੁਰੱਖਿਆ ਬਲਾਂ ਨੇ ਬਰਾਬਰੀ ਨਾਲ ਜਵਾਬ ਦਿੱਤਾ। ਥੋੜ੍ਹੇ ਸਮੇਂ ਵਿੱਚ ਹੀ ਇੱਕ ਮੁੱਠਭੇੜ ਸ਼ੁਰੂ ਹੋ ਗਈ, ਜਿਸ ਵਿੱਚ ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਵਿੱਚ 11 ਕੁਕੀ ਅੱਤਵਾਦੀ ਮਾਰੇ ਗਏ। ਅੱਤਵਾਦੀਆਂ ਨੇ ਬੋਰੋਬੇਕਰਾ ਥਾਣੇ ਦੇ ਅਧੀਨ ਆਉਂਦੇ ਜਾਕੁਰਾਧੋਰ ‘ਚ ਤਿੰਨ ਤੋਂ ਚਾਰ ਘਰਾਂ ਨੂੰ ਅੱਗ ਲਗਾ ਦਿੱਤੀ। ਜਾਕੂਰਾਧੌਰ ਥਾਣੇ ਤੋਂ ਕਰੀਬ 100 ਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਸ ਥਾਣੇ ਵਿੱਚ ਸੀਆਰਪੀਐਫ, ਅਸਾਮ ਰਾਈਫਲਜ਼ ਅਤੇ ਰਾਜ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹਮਲਾਵਰਾਂ ਨੇ ਕੈਂਪ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੋ ਸਕਦੀ ਹੈ। ਬੋਰੋਬੇਕਰਾ, ਜਿਰੀਬਾਮ ਦੇ ਇਸ ਪੁਲਿਸ ਸਟੇਸ਼ਨ ਨੂੰ ਹਾਲ ਹੀ ਦੇ ਮਹੀਨਿਆਂ ਵਿੱਚ ਕਈ ਵਾਰ ਨਿਸ਼ਾਨਾ ਬਣਾਇਆ ਗਿਆ ਹੈ।

Advertisement