ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਮੰਗਲਵਾਰ ਨੂੰ ਫਿਲਮ ‘ਦਿ ਸਾਬਰਮਤੀ ਰਿਪੋਰਟ’ ਨੂੰ ਟੈਕਸ ਮੁਕਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਇਸ ਫ਼ਿਲਮ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹ ਫ਼ਿਲਮ ਸੱਚਾਈ ਨੂੰ ਸਭ ਦੇ ਸਾਹਮਣੇ ਲਿਆਉਂਦੀ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਸੀਐਮ ਸੈਣੀ ਨੇ ਕਿਹਾ ਕਿ ਇਹ ਫਿਲਮ ਗੋਧਰਾ ਟਰੇਨ ਅੱਗ ਦੀ ਦਰਦਨਾਕ ਸੱਚਾਈ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਨਿਰਮਾਤਾਵਾਂ ਨੇ ਇਸ ਵਿਸ਼ੇ ਨੂੰ ਸੰਵੇਦਨਸ਼ੀਲਤਾ ਅਤੇ ਮਾਣ ਨਾਲ ਪੇਸ਼ ਕੀਤਾ ਹੈ।
ਸਾਬਰਮਤੀ ਰਿਪੋਰਟ ਧੀਰਜ ਸਰਨਾ ਦੁਆਰਾ ਨਿਰਦੇਸ਼ਤ ਹੈ ਅਤੇ ਸ਼ੋਭਾ ਕਪੂਰ, ਏਕਤਾ ਆਰ ਕਪੂਰ, ਅਮੁਲ ਵੀ ਮੋਹਨ ਅਤੇ ਅੰਸ਼ੁਲ ਮੋਹਨ ਦੁਆਰਾ ਨਿਰਮਿਤ ਹੈ। ਫਿਲਮ ‘ਚ ਰਾਸ਼ੀ ਖੰਨਾ ਅਤੇ ਰਿਧੀ ਡੋਗਰਾ ਵੀ ਅਹਿਮ ਭੂਮਿਕਾਵਾਂ ‘ਚ ਹਨ।
ਦਸ ਦੇਈਏ ਕਿ ਇਹ ਫਿਲਮ 27 ਫਰਵਰੀ 2002 ਨੂੰ ਗੋਧਰਾ ਵਿੱਚ ਵਾਪਰੇ ਸਾਬਰਮਤੀ ਐਕਸਪ੍ਰੈਸ ਰੇਲ ਹਾਦਸੇ ਉੱਤੇ ਆਧਾਰਿਤ ਹੈ। ਸੀਐਮ ਸੈਣੀ ਨੇ ਕਿਹਾ ਕਿ ਇਹ 59 ਲੋਕਾਂ ਨੂੰ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਇਸ ਘਟਨਾ ਦੌਰਾਨ ਆਪਣੀ ਜਾਨ ਗਵਾਈ ਸੀ। ਇਸ ਫਿਲਮ ਰਾਹੀਂ ਇਸ ਘਟਨਾ ਦੀ ਸੱਚਾਈ ਸਭ ਦੇ ਸਾਹਮਣੇ ਆ ਗਈ ਹੈ ਅਤੇ ਮੈਂ ਇਸ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਨਿਰਮਾਤਾਵਾਂ ਅਤੇ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ।
ਸੀਐਮ ਨਾਇਬ ਸੈਣੀ ਨੇ ਮੰਗਲਵਾਰ ਨੂੰ ਆਪਣੀ ਪੂਰੀ ਕੈਬਨਿਟ ਦੇ ਨਾਲ ਚੰਡੀਗੜ੍ਹ ਆਈਟੀ ਪਾਰਕ ਦੇ ਡੀਟੀ ਮਾਲ ਵਿੱਚ ਫਿਲਮ ‘ਦਿ ਸਾਬਰਮਤੀ ਰਿਪੋਰਟ’ ਦੇਖੀ। ਉਨ੍ਹਾਂ ਨਾਲ ਕੇਂਦਰੀ ਮੰਤਰੀ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਵੀ ਮੌਜੂਦ ਸਨ। ਇਸ ਦੌਰਾਨ ਫਿਲਮ ਨਿਰਮਾਤਾ ਏਕਤਾ ਕਪੂਰ ਅਤੇ ਅਦਾਕਾਰਾ ਰਿਧੀ ਡੋਗਰਾ ਵੀ ਪ੍ਰੋਗਰਾਮ ‘ਚ ਮੌਜੂਦ ਸਨ।