Iskcon ਸਕੱਤਰ ਚਿਨਮਯ ਕ੍ਰਿਸ਼ਨ ਦਾਸ ਦੀ ਗ੍ਰਿਫਤਾਰੀ ‘ਤੇ ਭੜਕਿਆ ਭਾਰਤ

 ਇਸਕੋਨ ਬੰਗਲਾਦੇਸ਼ ਦੇ ਸਕੱਤਰ ਚਿਨਮਯ ਦਾਸ ਬ੍ਰਹਮਚਾਰੀ ਨੂੰ ਬੰਗਲਾਦੇਸ਼ ਦੇ ਜਾਸੂਸ ਵਿਭਾਗ ਨੇ ਢਾਕਾ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਹੁਣ ਉਨ੍ਹਾਂ ਦੀ ਗ੍ਰਿਫਤਾਰੀ ‘ਤੇ ਭਾਰਤ ਸਰਕਾਰ ਦਾ ਬਿਆਨ ਸਾਹਮਣੇ ਆਇਆ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅੱਜ ਇੱਕ ਬਿਆਨ ਜਾਰੀ ਕਰਕੇ ਚਿਨਮਯ ਦਾਸ ਦੀ ਗ੍ਰਿਫਤਾਰੀ ਤੇ ਜ਼ਮਾਨਤ ਤੋਂ ਇਨਕਾਰ ਕਰਨ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ, ”ਇਹ ਮੰਦਭਾਗਾ ਹੈ ਕਿ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਅਜੇ ਵੀ ਆਜ਼ਾਦ ਘੁੰਮ ਰਹੇ ਹਨ, ਜਦੋਂਕਿ ਸ਼ਾਂਤੀਪੂਰਨ ਇਕੱਠਾਂ ਰਾਹੀਂ ਜਾਇਜ਼ ਮੰਗਾਂ ਨੂੰ ਪੇਸ਼ ਕਰਨ ਵਾਲੇ ਧਾਰਮਿਕ ਨੇਤਾ ‘ਤੇ ਦੋਸ਼ ਲਾਏ ਜਾ ਰਹੇ ਹਨ।

ਦਸ ਦੇਈਏ ਕਿ ਬੰਗਲਾਦੇਸ਼ ‘ਚ ਹਿੰਦੂਆਂ ‘ਤੇ ਹੋ ਰਹੇ ਅੱਤਿਆਚਾਰਾਂ ਦਾ ਵਿਰੋਧ ਕਰਨ ‘ਤੇ ਇਸਕੋਨ ਦੇ ਚਿਨਮਯ ਕ੍ਰਿਸ਼ਨ ਦਾਸ ਪ੍ਰਭੂ ਖਿਲਾਫ ਕਾਰਵਾਈ ਕੀਤੀ ਗਈ। ਉਨ੍ਹਾਂ ਨੂੰ ਬੰਗਲਾਦੇਸ਼ ਪੁਲਿਸ ਨੇ ਢਾਕਾ ਹਵਾਈ ਅੱਡੇ ਤੋਂ ਦੇਸ਼ ਧ੍ਰੋਹ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਸੀ। ਇਸ ਦੇ ਵਿਰੋਧ ‘ਚ ਹਿੰਦੂ ਭਾਈਚਾਰੇ ਦੇ ਲੋਕ ਢਾਕਾ ਦੀਆਂ ਸੜਕਾਂ ‘ਤੇ ਉਤਰ ਆਏ ਤੇ ਰੋਡ ਜਾਮ ਕਰ ਦਿੱਤਾ। ਕਈ ਥਾਵਾਂ ਤੋਂ ਹਿੰਸਾ ਦੀਆਂ ਖ਼ਬਰਾਂ ਵੀ ਆਈਆਂ। ਇਸ ਦੌਰਾਨ ਹਿੰਦੂ ਪ੍ਰਦਰਸ਼ਨਕਾਰੀਆਂ ‘ਤੇ ਵੀ ਹਮਲੇ ਹੋਏ।

ਇਸ ਤੋਂ ਪਹਿਲਾਂ ਇਸਕੋਨ ਵੱਲੋਂ ਵੀ ਇਸ ਮਾਮਲੇ ਵਿੱਚ ਬਿਆਨ ਸਾਹਮਣੇ ਆਇਆ ਸੀ। ਉਨ੍ਹਾਂ ਕਿਹਾ, ਸਾਨੂੰ ਪਰੇਸ਼ਾਨ ਕਰਨ ਵਾਲੀਆਂ ਰਿਪੋਰਟਾਂ ਮਿਲੀਆਂ ਹਨ ਕਿ ਇਸਕੋਨ ਬੰਗਲਾਦੇਸ਼ ਦੇ ਪ੍ਰਮੁੱਖ ਨੇਤਾਵਾਂ ਵਿੱਚੋਂ ਇੱਕ ਚਿਨਮਯ ਕ੍ਰਿਸ਼ਨ ਦਾਸ ਨੂੰ ਢਾਕਾ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਇਸਕੋਨ ਨੇ ਅੱਗੇ ਕਿਹਾ ਹੈ ਕਿ ਬੇਬੁਨਿਆਦ ਦੋਸ਼ ਲਗਾਉਣਾ ਅਪਮਾਨਜਨਕ ਹੈ ਕਿ ਇਸਕੋਨ ਦਾ ਕਿਤੇ ਵੀ ਅੱਤਵਾਦ ਨਾਲ ਕੋਈ ਲੈਣਾ-ਦੇਣਾ ਹੈ। ISKCON ਭਾਰਤ ਸਰਕਾਰ ਨੂੰ ਤੁਰੰਤ ਕਾਰਵਾਈ ਕਰਨ ਤੇ ਬੰਗਲਾਦੇਸ਼ ਸਰਕਾਰ ਨਾਲ ਗੱਲ ਕਰਨ ਦੀ ਅਪੀਲ ਕਰਦਾ ਹੈ।

Advertisement