ਪੰਜਾਬ ਦੀਆਂ ਤਹਿਸੀਲਾਂ ਅਤੇ ਮਾਲ ਦਫ਼ਤਰਾਂ ‘ਚ ਅੱਜ ਕੋਈ ਸਰਕਾਰੀ ਕੰਮ ਨਹੀਂ ਹੋਵੇਗਾ। ਕਿਉਂਕਿ ਪੰਜਾਬ ਰੈਵਿਨਿਊ ਅਫ਼ਸਰ ਯੂਨੀਅਨ ਵਲੋਂ ਅੱਜ ਸਮੂਹਿਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਰੈਵੇਨਿਊ ਅਫ਼ਸਰ ਯੂਨੀਅਨ ਦੇ ਪੰਜਾਬ ਪ੍ਰਧਾਨ ਚੰਨੀ ਨੂੰ ਬਰਨਾਲਾ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਸੀ। ਇਸ ਦੀ ਖ਼ਬਰ ਮਿਲਣ ਤੋਂ ਬਾਅਦ ਪੰਜਾਬ ਭਰ ’ਚ ਤਾਇਨਾਤ ਤਹਿਸੀਲਦਾਰ, ਸਬ-ਰਜਿਸਟਰਾਰ, ਨਾਇਬ-ਤਹਿਸੀਲਦਾਰਾਂ ’ਚ ਗੁੱਸਾ ਵੱਧ ਗਿਆ।
ਦਸ ਦੇਈਏ ਕਿ ਯੂਨੀਅਨ ਦੀ ਇਕ ਹੰਗਾਮੀ ਮੀਟਿੰਗ ਉਪ ਪ੍ਰਧਾਨ ਅਰਚਨਾ ਸ਼ਰਮਾ, ਨਵਦੀਪ ਸਿੰਘ ਭੋਗਲ ਅਤੇ ਲਾਰਸਨ ਦੀ ਅਗਵਾਈ ’ਚ ਹੋਈ। ਇਸ ਆਨਲਾਈਨ ਮੀਟਿੰਗ ਦੌਰਾਨ ਇਸ ਘਟਨਾ ਦੀ ਸਖ਼ਤ ਨਿਖ਼ੇਧੀ ਕੀਤੀ ਗਈ। ਇਸ ਲਈ ਯੂਨੀਅਨ ਨੇ ਅੱਜ ਸਮੂਹਿਕ ਛੁੱਟੀ ਲੈ ਕੇ ਚੰਨੀ ਨੂੰ ਗ੍ਰਿਫ਼ਤਾਰ ਕਰਨ ਵਾਲੇ ਡੀ. ਐੱਸ. ਪੀ. ਵਿਜੀਲੈਂਸ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਹੈ।