ਇਸ ਵੇਲੇ ਦੀ ਵੱਡੀ ਖ਼ਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਅੱਜ ਸਵੇਰੇ ਇੱਥੋਂ ਦੇ ਗੁਰਬਖਸ਼ ਨਗਰ ਥਾਣੇ ਦੇ ਬਾਹਰ ਧਮਾਕੇ ਦੀ ਆਵਾਜ਼ ਨਾਲ ਇਲਾਕੇ ‘ਚ ਸਨਸਨੀ ਫੈਲ ਗਈ। ਧਮਾਕਾ ਕਦੋਂ ਅਤੇ ਕਿਵੇਂ ਹੋਇਆ ਇਸ ਬਾਰੇ ਪੁਲਿਸ ਨੇ ਅਜੇ ਜ਼ਿਆਦਾ ਜਾਣਕਾਰੀ ਨਹੀਂ ਹੈ। ਏਡੀਸੀਪੀ ਵਿਸ਼ਾਲ ਜੀਤ ਮੌਕੇ ‘ਤੇ ਪਹੁੰਚ ਗਏ ਹਨ। ਬੰਬ ਨਕਾਰਾ ਕਰਨ ਵਾਲੀ ਟੀਮ ਤੇ ਫੋਰੈਂਸਿਕ ਟੀਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ‘ਚ ਲੱਗੇ ਸੀਸੀਟੀਵੀ ਵੀ ਖੰਗਾਲੇ ਜਾ ਰਹੇ ਹਨ।
ਏਡੀਸੀਪੀ ਵਿਸ਼ਾਲ ਜੀਤ ਨੇ ਦੱਸਿਆ ਕਿ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਦੱਸ ਦਈਏ ਕਿ ਗੁਰਬਖਸ਼ ਨਗਰ ਇਕ ਰਿਹਾਇਸ਼ੀ ਇਲਾਕਾ ਹੈ, ਜਿਸ ਵਿਚ ਸਵੇਰੇ 5 ਵਜੇ ਦੇ ਕਰੀਬ ਧਮਾਕੇ ਦੀ ਆਵਾਜ਼ ਸੁਣ ਕੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਪਹਿਲਾਂ ਅੱਤਵਾਦੀ ਅਜਨਾਲਾ ਥਾਣੇ ਦੇ ਬਾਹਰ ਆਈਈਡੀ ਲਗਾ ਕੇ ਧਮਾਕਾ ਕਰਨ ਦੀ ਕੋਸ਼ਿਸ਼ ਕਰ ਚੁੱਕੇ ਹਨ।
ਫਿਲਹਾਲ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ-ਪੜਤਾਲ ਕਰਨ ਵਿੱਚ ਜੁੱਟੀ ਹੋਈ ਹੈ ਜਿਸ ਤੋਂ ਧਮਾਕੇ ਦਾ ਅਸਲ ਸੱਚ ਸਾਹਮਣੇ ਆ ਸਕੇ।