ਕਿਸਾਨ ਆਗੂ ਡੱਲੇਵਾਲ ਨੂੰ ਹਸਪਤਾਲ ਚੋਂ ਮਿਲੀ ਛੁੱਟੀ, ਮਰਨ ਵਰਤ ਰੱਖਣਗੇ ਜਾਰੀ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੁਧਿਆਣਾ ਦੇ DMC ਹਸਪਤਾਲ ਵਿੱਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ । ਹਸਪਤਾਲ ਦੇ ਡਾਕਟਰਾਂ ਨੇ ਵੀ ਕਿਹਾ ਕਿ ਡੱਲੇਵਾਲ ਸਰੀਰਕ ਤੇ ਮਾਨਸਿਕ ਪੱਖੋਂ ਪੂਰੀ ਤਰ੍ਹਾਂ ਤੰਦਰੁਸਤ ਹਨ। ਇਸ ਕਾਰਨ ਉਨ੍ਹਾਂ ਨੇ ਹੁਣ ਡੱਲੇਵਾਲ ਨੂੰ ਡਿਸਚਾਰਜ ਕਰਨ ਦਾ ਫੈਸਲਾ ਕੀਤਾ ਹੈ।

ਡੱਲੇਵਾਲ ਨੇ ਡਿਸਚਾਰਜ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਸਿਹਤ ਖਰਾਬ ਨਹੀਂ ਹੈ।ਜੇਕਰ ਉਨ੍ਹਾਂ ਨੂੰ ਖਰਾਬ ਸਿਹਤ ਕਾਰਨ ਲਿਆਂਦਾ ਗਿਆ ਸੀ ਤਾਂ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਸਾਥੀਆਂ ਦੇ ਮੋਬਾਈਲ ਫੋਨ ਕਿਉਂ ਜ਼ਬਤ ਕੀਤੇ ਗਏ। ਹਸਪਤਾਲ ਵਿੱਚ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੀ ਚੈੱਕ ਨਹੀਂ ਕੀਤਾ ਗਿਆ ਅਤੇ ਨਾ ਹੀ ਹਸਪਤਾਲ ਵਿੱਚ ਕੋਈ ਟੈਸਟ ਕਰਵਾਏ ਗਏ। ਉਨ੍ਹਾਂ ਨੇ ਹਸਪਤਾਲ ਵਿੱਚ ਵੀ ਕੁਝ ਨਾ ਖਾ ਕੇ ਮਰਨ ਵਰਤ ਜਾਰੀ ਰੱਖਿਆ। ਉਨ੍ਹਾਂ ਨੇ ਕਿਹਾ ਕਿ ਉਹ ਫਿਰ ਇੱਥੋਂ ਸਿੱਧੇ ਖਨੌਰੀ ਪੁੱਜਣਗੇ ਅਤੇ ਖਨੌਰੀ ਵਿੱਚ ਉਨ੍ਹਾਂ ਦਾ ਮਰਨ ਵਰਤ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਦੇ ਇਸ਼ਾਰੇ ‘ਤੇ ਅਜਿਹਾ ਕੀਤਾ ਹੈ। ਅਸੀਂ ਪੰਜਾਬ ਦੇ ਹੱਕਾਂ ਲਈ ਲੜ ਰਹੇ ਹਾਂ। ਅਗਲੀ ਰਣਨੀਤੀ ਬਾਰੇ ਉਨ੍ਹਾਂ ਕਿਹਾ ਕਿ ਉਹ ਖਨੌਰੀ ਪਹੁੰਚ ਕੇ ਆਪਣੇ ਸਾਥੀਆਂ ਨੂੰ ਮਿਲਣਗੇ ਅਤੇ ਉਸ ਤੋਂ ਬਾਅਦ ਅਗਲੀ ਰਣਨੀਤੀ ਬਣਾਵਾਂਗੇ।

ਦਸ ਦਈਏ ਕਿ ਕਿਸਾਨ ਜੱਥੇਬੰਦੀਆਂ ਵੱਲੋਂ ਡੱਲੇਵਾਲ ਨੇ 26 ਦਸੰਬਰ ਤੋਂ ਖ਼ਨੌਰੀ ਵਿਖ਼ੇ ਮਰਨ ਵਰਤ ਰੱਖਣ ਦਾ ਐਲਾਨ ਕੀਤਾ ਹੋਇਆ ਸੀ ਪਰ ਇਸੇ ਦਿਨ ਤੜਕੇ ਉਨ੍ਹਾਂ ਨੂੰ ਖ਼ਨੌਰੀ ਬਾਰਡਰ ਤੋਂ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ ਅਤੇ ਉਸ ਮਗਰੋਂ ਉਨ੍ਹਾਂ ਨੂੰ ਲੁਧਿਆਣਾ ਵਿਖ਼ੇ ਡੀ.ਐੱਮ.ਸੀ. ਵਿਖੇ ਲਿਜਾਇਆ ਗਿਆ।

Advertisement