ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਏ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ

 ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਏ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਬਿਆਨ ਆਇਆ ਹੈ। ਅਕਾਲੀ ਦਲ ਨੇ ਸਜ਼ਾ ਕਬੂਲ ਕੀਤੀ ਹੈ। ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਾਨੂੰ ਮਿਲੀ ਸਜ਼ਾ ਮਨਜ਼ੂਰ ਹੈ। ਅਸੀਂ ਨਿਮਾਣ ਸਿੱਖ ਵਾਂਗ ਸਜ਼ਾ ਪੂਰੀ ਕਰਾਂਗੇ। ਉਨ੍ਹਾਂ ਨਵੇ ਕਿਹਾ ਕਿ ਸਿੰਘ ਸਾਹਿਬਾਨ ਨੇ ਅਕਾਲੀ ਦਲ ਦੇ ਸਾਰੇ ਲੀਡਰਾਂ ਨੂੰ ਇਕੱਠੇ ਹੋਣ ਲਈ ਕਿਹਾ ਹੈ। ਅਸੀਂ ਇਸ ‘ਤੇ ਵੀ ਕੰਮ ਕਰਾਂਗੇ। ਸਾਰੇ ਆਗੂ ਇਕੱਠੇ ਚੱਲਣਗੇ। ਚੀਮਾ ਨੇ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਜੇਕਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਅਜਿਹਾ ਕਿਹਾ ਤਾਂ ਅਸੀਂ ਇਕੱਠੇ ਹੋਵਾਂਗੇ। ਫਖਰ-ਏ-ਕੌਮ ਖਿਤਾਬ ਵਾਪਸ ਲਏ ਜਾਣ ਉੁਪਰ ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਇਸ ਸਮੇਂ ਦੁਨੀਆ ‘ਚ ਨਹੀਂ ਹਨ। ਅਜਿਹੇ ‘ਚ ਲਿਆ ਗਿਆ ਫੈਸਲਾ ਸਹੀ ਹੀ ਹੋਵੇਗਾ।

ਉਧਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀ ਨਵੀਂ ਕਮੇਟੀ ਬਾਰੇ ਵਿਚਾਰ-ਵਟਾਂਦਰਾ ਕਰਕੇ ਨਿਯੁਕਤੀਆਂ ਕਰੇ। ਜਥੇਦਾਰ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਸਾਰੀ ਪ੍ਰਕਿਰਿਆ ਚੋਣਾਂ ਰਾਹੀਂ ਹੋਣੀ ਚਾਹੀਦੀ ਹੈ। ਜਥੇਦਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਆਗੂਆਂ ਦੇ ਅਸਤੀਫੇ ਅਗਲੇ 3 ਦਿਨਾਂ ਵਿੱਚ ਪ੍ਰਵਾਨ ਕਰ ਲਏ ਜਾਣ। ਉਨ੍ਹਾਂ ਨੇ ਬਾਗੀ ਆਗੂਆਂ ਨੂੰ ਵੀ ਤਾੜਨਾ ਕਰਦਿਆਂ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਸਲਾਹ ਦਿੱਤੀ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਰਕਾਰ ਵੇਲੇ ਸਾਰਿਆਂ ਨੇ ਲੀਡਰ ਬਣ ਕੇ ਕੰਮ ਕੀਤਾ ਤੇ ਫਿਰ ਪੈਨਸ਼ਨ ਲੈਣੀ ਸ਼ੁਰੂ ਕਰ ਦਿੱਤੀ ਪਰ ਹੁਣ ਉਹ ਬਾਗੀ ਹੋ ਗਏ ਹਨ। ਅਜਿਹਾ ਕਰਨਾ ਗਲਤ ਹੈ।

ਦਸ ਦਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਬਾਦਲ ਤੇ ਸਾਬਕਾ ਅਕਾਲੀ ਮੰਤਰੀਆਂ ਨੂੰ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ‘ਫਖਰ-ਏ-ਕੌਮ’ ਖਿਤਾਬ ਵਾਪਸ ਲੈ ਲਿਆ ਹੈ। ਪੰਜ ਸਿੰਘ ਸਹਿਬਾਨ ਵੱਲੋਂ ਸੁਖਬੀਰ ਬਾਦਲ ਤੇ ਸਾਬਕਾ ਅਕਾਲੀ ਮੰਤਰੀਆਂ ਨੂੰ ਬਰਤਨ ਸਾਫ ਕਰਨ ਤੇ ਲੰਗਰ ਦੀ ਸੇਵਾ ਲਾਈ ਗਈ ਹੈ। ਇਸ ਤੋਂ ਇਲਾਵਾ ਟਾਇਲਟ ਸਫਾਈ ਦੀ ਸਜ਼ਾ ਵੀ ਦਿੱਤੀ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਸਾਰੇ ਸਜ਼ਾਯਾਫਤਾ ਲੀਡਰ ਕੀਰਤਨ ਸਰਵਨ ਕਰਨ।  ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਮੇਤ ਕੋਰ ਕਮੇਟੀ ਦੇ ਮੈਂਬਰ ਤੇ ਸਾਲ 2015 ਵਿੱਚ ਕੈਬਨਿਟ ਮੈਂਬਰ ਰਹੇ ਆਗੂ 3 ਦਸੰਬਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਬਾਥਰੂਮਾਂ ਦੀ ਸਫ਼ਾਈ ਕਰਨਗੇ। ਇਸ ਤੋਂ ਬਾਅਦ ਉਹ ਇਸ਼ਨਾਨ ਕਰਕੇ ਲੰਗਰ ਘਰ ਵਿੱਚ ਸੇਵਾ ਕਰਨਗੇ। ਉਪਰੰਤ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੋਵੇਗਾ।

Advertisement