ਬੰਗਲਾਦੇਸ਼ ਵਿੱਚ ਗ੍ਰਿਫਤਾਰ ਇਸਕੋਨ ਦੇ ਪੁਜਾਰੀ ਚਿਨਮਯ ਕ੍ਰਿਸ਼ਨਾ ਦਾਸ ਬ੍ਰਹਮਚਾਰੀ ਦੀ ਜ਼ਮਾਨਤ ਦੀ ਸੁਣਵਾਈ ਅਗਲੇ ਮਹੀਨੇ ਲਈ ਮੁਲਤਵੀ ਕਰ ਦਿੱਤੀ ਗਈ ਹੈ। ਚਿਨਮਯ ਦਾਸ ਦੀ ਜ਼ਮਾਨਤ ਪਟੀਸ਼ਨ ‘ਤੇ ਮੰਗਲਵਾਰ ਨੂੰ ਸੁਣਵਾਈ ਹੋਣੀ ਸੀ ਪਰ ਉਨ੍ਹਾਂ ਦੀ ਤਰਫੋਂ ਕੋਈ ਵੀ ਵਕੀਲ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਸੁਣਵਾਈ 2 ਜਨਵਰੀ ਤੱਕ ਟਾਲ ਦਿੱਤੀ।
ਮੰਗਲਵਾਰ ਨੂੰ ਵਕੀਲਾਂ ਨੇ ਜ਼ਮਾਨਤ ਦੀ ਸੁਣਵਾਈ ਦੌਰਾਨ ਉਨ੍ਹਾਂ ਦੀ ਤਰਫੋਂ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਅਦਾਲਤ ਨੇ ਕਾਰਵਾਈ ਮੁਲਤਵੀ ਕਰ ਦਿੱਤੀ। ਅਦਾਲਤ ਨੇ ਹੁਣ ਸੁਣਵਾਈ ਦੀ ਅਗਲੀ ਤਰੀਕ 2 ਜਨਵਰੀ 2025 ਤੈਅ ਕੀਤੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਚਿਨਮਯ ਕ੍ਰਿਸ਼ਨਾ ਦਾਸ ਦੇ ਕੇਸ ਦੀ ਸੁਣਵਾਈ ਕਰ ਰਹੇ ਬੰਗਲਾਦੇਸ਼ੀ ਵਕੀਲ ਰਮੇਨ ਰਾਏ ‘ਤੇ ਇਸਲਾਮਿਕ ਕੱਟੜਪੰਥੀਆਂ ਨੇ ਹਮਲਾ ਕੀਤਾ ਸੀ ਤੇ ਹੁਣ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਚਿਨਮਯ ਦਾਸ ਨੂੰ ਬੰਗਲਾਦੇਸ਼ੀ ਹਿੰਦੂਆਂ ‘ਤੇ ਵਧਦੇ ਹਮਲਿਆਂ ਦਾ ਵਿਰੋਧ ਕਰਦੇ ਹੋਏ ਪਿਛਲੇ ਹਫਤੇ ਦੇਸ਼ਧ੍ਰੋਹ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਦਰਅਸਲ ਚਿਨਮਯ ਦਾਸ ਇੱਕ ਰੈਲੀ ਵਿੱਚ ਹਿੱਸਾ ਲੈਣ ਲਈ ਜਾ ਰਹੇ ਸਨ। ਉਨ੍ਹਾਂ ‘ਤੇ ਦੇਸ਼ਧ੍ਰੋਹ ਦੇ ਦੋਸ਼ ਲਾਏ ਗਏ ਹਨ। ਇਸ ਤੋਂ ਬਾਅਦ ਭਾਰਤ ਨੇ ਚਿਨਮਯ ਕ੍ਰਿਸ਼ਨਾ ਦਾਸ ਦੀ ਗ੍ਰਿਫਤਾਰੀ ‘ਤੇ ਵੀ ਇਤਰਾਜ਼ ਪ੍ਰਗਟਾਇਆ ਸੀ।
ਇਸਕੋਨ ਕੋਲਕਾਤਾ ਦੇ ਬੁਲਾਰੇ ਰਾਧਾਰਮਨ ਦਾਸ ਨੇ ਵੀ ਇਸ ਸਬੰਧ ਵਿਚ ਐਕਸ ‘ਤੇ ਇਕ ਪੋਸਟ ਲਿਖਿਆ, ‘ਕਿਰਪਾ ਕਰਕੇ ਵਕੀਲ ਰਮੇਨ ਰਾਏ ਲਈ ਪ੍ਰਾਰਥਨਾ ਕਰੋ। ਉਨ੍ਹਾਂ ਦੀ ਸਿਰਫ ‘ਗਲਤੀ’ ਇਹ ਹੈ ਕਿ ਉਹ ਚਿਨਮਯ ਕ੍ਰਿਸ਼ਨ ਪ੍ਰਭੂ ਦਾ ਅਦਾਲਤ ਵਿਚ ਬਚਾਅ ਕਰ ਰਹੇ ਸਨ। ਇਸਲਾਮੀਆਂ ਨੇ ਉਨ੍ਹਾਂ ਦੇ ਘਰ ਦੀ ਭੰਨਤੋੜ ਕੀਤੀ ਅਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ। ਉਹ ਆਈਸੀਯੂ ਵਿੱਚ ਹਨ ਅਤੇ ਆਪਣੀ ਜ਼ਿੰਦਗੀ ਲਈ ਲੜ ਰਹੇ ਹਨ।