ਸ੍ਰੀ ਅਨੰਦਪੁਰ ਸਾਹਿਬ: ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲੀ ਸਜ਼ਾ ਦੇ ਰੂਪ ਵਿੱਚ ਸੇਵਾ ਨਿਭਾਉਣ ਲਈ ਸੁਖਬੀਰ ਸਿੰਘ ਬਾਦਲ ਅੱਜ ਠੀਕ 8:50 ਤੇ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਪਹੁੰਚ ਗਏ। ਚੱਪੇ-ਚੱਪੇ ‘ਤੇ ਤਾਇਨਾਤ ਪੁਲਿਸ , ਚਿੱਟ ਕੱਪੜੀਆ, ਲੇਡੀ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਰਿੰਗ ਘੇਰਾ ਬਣਾ ਕੇ ਗੱਡੀ ਤੋਂ ਤਖਤ ਕੇਸਗੜ ਸਾਹਿਬ ਵਿਖੇ ਪਹੁੰਚਾਇਆ ਗਿਆ। ਬਾਦਲ ਨੇ ਆਪਣੇ ਗਲ਼ੇ ਵਿੱਚ ਤਖਤੀ ਪਾਈ ਹੋਈ ਸੀ ਤੇ ਵ੍ਹੀਲ ਚੇਅਰ ‘ਤੇ ਉਹਨਾਂ ਨੂੰ ਗੱਡੀ ਤੋਂ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਪਹੁੰਚਾਇਆ ਗਿਆ। ਇਸ ਮੌਕੇ ਸਮੁੱਚੀ ਅਕਾਲੀ ਲੀਡਰਸ਼ਿਪ ਵੀ ਹਾਜ਼ਰ ਸੀ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਨਿਭਾਣ ਉਪਰੰਤ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਪਹੁੰਚੇ ਸੁਖਬੀਰ ਸਿੰਘ ਬਾਦਲ ਵਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਦੁਆਰ ਤੇ ਹੱਥ ਵਿੱਚ ਬਰਸ਼ਾ ਫੜ ਕੇ ਸੇਵਾਦਾਰ ਦੀ ਡਿਊਟੀ ਨਿਭਾਈ ਜਾ ਰਹੀ ਹੈ। ਇੱਕ ਘੰਟਾ ਸੇਵਾਦਾਰ ਦੀ ਡਿਊਟੀ ਨਿਭਾਉਣ ਉਪਰੰਤ ਉਹਨਾਂ ਵੱਲੋਂ ਇੱਕ ਘੰਟਾ ਗੁਰਬਾਣੀ ਕੀਰਤਨ ਸੁਣਿਆ ਜਾਵੇਗਾ ਅਤੇ ਉਸ ਉਪਰੰਤ ਇੱਕ ਘੰਟੇ ਲਈ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਹਾਲ ਵਿਖੇ ਪੁੱਜ ਕੇ ਜੂਠੇ ਬਰਤਨ ਮਾਂਜਣ ਦੀ ਸੇਵਾ ਕੀਤੀ ਜਾਵੇਗੀ।
ਦਸ ਦੇਈਏ ਕਿ ਸ੍ਰੀ ਅਨੰਦਪੁਰ ਸਾਹਿਬ ਅੱਜ ਸੇਵਾ ਦੇ ਪਹਿਲੇ ਦਿਨ ਸੁਖਬੀਰ ਸਿੰਘ ਬਾਦਲ , ਬਿਕਰਮ ਸਿੰਘ ਮਜੀਠੀਆ, ਡਾਕਟਰ ਦਲਜੀਤ ਸਿੰਘ ਚੀਮਾ ਅਤੇ ਹੋਰ ਅਕਾਲੀ ਆਗੂਆਂ ਵੱਲੋਂ ਜਿੱਥੇ ਸੇਵਾ ਨਿਭਾਈ ਜਾ ਰਹੀ ਹੈ। ਉੱਥੇ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਵੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚ ਗਏ ਹਨ।